ਵੀਹਵੀਆਂ ਏਸ਼ਿਆਈ ਖੇਡਾਂ: ਜਾਪਾਨ ਦੇ ਵਿਹੜੇ ਸਜੇਗਾ ਖੇਡ ਮੇਲਾ

ਵੀਹਵੀਆਂ ਏਸ਼ਿਆਈ ਖੇਡਾਂ: ਜਾਪਾਨ ਦੇ ਵਿਹੜੇ ਸਜੇਗਾ ਖੇਡ ਮੇਲਾ

ਚੰਡੀਗੜ੍ਹ : ਵੀਹਵੀਆਂ ਏਸ਼ਿਆਈ ਖੇਡਾਂ ਲਈ ਮੰਚ ਸਜ ਕੇ ਤਿਆਰ ਹੈ। ਜਾਪਾਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਾਪਾਨ ਦੇ ਆਇਚੀ ਪ੍ਰੀਫੈਕਚਰ ਵਿੱਚ 19 ਸਤੰਬਰ ਤੋਂ 4 ਅਕਤੂਬਰ ਤੱਕ ਖੇਡਾਂ ਹੋਣਗੀਆਂ। ਖੇਡਾਂ ਦੇ ਮੁਕਾਬਲੇ ਆਇਚੀ ਦੀ ਰਾਜਧਾਨੀ ਨਾਗੋਯਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੋਣਗੇ। 46 ਮੁਲਕਾਂ ਦੇ 11 ਹਜ਼ਾਰ ਤੋਂ ਵੱਧ ਖਿਡਾਰੀ 43 ਖੇਡਾਂ ਦੇ 469 ਈਵੈਂਟਾਂ ਵਿੱਚ ਹਿੱਸਾ ਲੈਣਗੇ। ਏਸ਼ਿਆਈ ਖੇਡਾਂ ਦੇ ਇਤਿਹਾਸ ਉੱਤੇ ਸੰਖੇਪ ਝਾਤੀ ਮਾਰੀਏ ਤਾਂ ਭਾਰਤ ਇਨ੍ਹਾਂ ਖੇਡਾਂ ਦਾ ਜਨਮਦਾਤਾ ਦੇਸ਼ ਹੈ।

1951 ਵਿੱਚ ਨਵੀਂ ਦਿੱਲੀ ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਹੋਈਆਂ ਸਨ। ਏਸ਼ਿਆਈ ਖੇਡਾਂ ਦੇ ਜਨਮ ਤੋਂ ਪਹਿਲਾਂ ਏਸ਼ੀਅਨ ਖੇਡ ਫੈਡਰੇਸ਼ਨ ਦਾ ਜਨਮ ਹੋਇਆ ਸੀ। 1931 ਵਿੱਚ ਸ਼ੁਰੂ ਹੋਈਆਂ ਇਨ੍ਹਾਂ ਕੋਸ਼ਿਸ਼ਾਂ ਨੂੰ 1948 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਬਲ ਮਿਲਿਆ ਸੀ। ਉਦੋਂ ਕੌਮਾਂਤਰੀ ਓਲੰਪਿਕ ਕਮੇਟੀ ਦੇ ਨੁਮਾਇੰਦੇ ਭਾਰਤ ਦੇ ਗੁਰੂ ਦੱਤ ਸੋਂਧੀ ਨੇ ਓਲੰਪਿਕ ਖੇਡਾਂ ਦੀ ਤਰਜ਼ ਉੱਤੇ ਏਸ਼ੀਆ ਮਹਾਦੀਪ ਦੀਆਂ ਖੇਡਾਂ ਕਰਵਾਉਣ ਦੀ ਵਕਾਲਤ ਕੀਤੀ ਸੀ। ਇਨ੍ਹਾਂ ਕੋਸ਼ਿਸ਼ਾਂ ਸਦਕਾ 13 ਫਰਵਰੀ 1949 ਨੂੰ ਏਸ਼ੀਅਨ ਖੇਡ ਫੈਡਰੇਸ਼ਨ ਬਣੀ ਅਤੇ ਫਿਰ 4 ਤੋਂ 11 ਮਾਰਚ 1951 ਨੂੰ ਨਵੀਂ ਦਿੱਲੀ ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਕਰਵਾਈਆਂ ਗਈਆਂ। ਦੂਜੀਆਂ ਏਸ਼ਿਆਈ ਖੇਡਾਂ ਤਿੰਨ ਸਾਲ ਦੇ ਵਕਫ਼ੇ ਬਾਅਦ 1954 ਵਿੱਚ ਮਨੀਲਾ ਵਿੱਚ ਹੋਈਆਂ। ਉਸ ਤੋਂ ਬਾਅਦ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਤੋਂ ਲੈ ਕੇ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੱਕ ਹਰ ਚਾਰ ਸਾਲ ਬਾਅਦ ਨਿਰੰਤਰ ਇਹ ਖੇਡਾਂ ਕਰਵਾਈਆਂ ਗਈਆਂ। ਕੋਵਿਡ ਮਹਾਮਾਰੀ ਕਾਰਨ 2022 ਵਿੱਚ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਪੰਜ ਸਾਲ ਦੇ ਵਕਫ਼ੇ ਬਾਅਦ 2023 ਵਿੱਚ ਕਰਵਾਈਆਂ ਗਈਆਂ, ਜਿਸ ਕਾਰਨ ਹੁਣ ਮੁੜ ਇਨ੍ਹਾਂ ਖੇਡਾਂ ਨੂੰ ਲੀਹ ਉੱਤੇ ਲਿਆਉਣ ਲਈ ਤਿੰਨ ਸਾਲ ਬਾਅਦ 2026 ਵਿੱਚ ਕਰਵਾਈਆਂ ਜਾ ਰਹੀਆਂ ਹਨ। 21ਵੀਆਂ ਏਸ਼ਿਆਈ ਖੇਡਾਂ ਚਾਰ ਸਾਲਾਂ ਬਾਅਦ ਦੋਹਾ ਅਤੇ 22ਵੀਆਂ ਏਸ਼ਿਆਈ ਖੇਡਾਂ ਉਸ ਤੋਂ ਚਾਰ ਸਾਲ ਬਾਅਦ ਰਿਆਧ ਵਿੱਚ ਹੋਣਗੀਆਂ।

ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਚਾਰ ਵਾਰ ਥਾਈਲੈਂਡ ਨੇ ਕੀਤੀ ਹੈ। ਬੈਂਕਾਕ ਵਿੱਚ ਹੀ 1966, 1970, 1978 ਅਤੇ 1998 ਵਿੱਚ ਚਾਰ ਵਾਰ ਖੇਡਾਂ ਹੋਈਆਂ। ਥਾਈਲੈਂਡ ਤੋਂ ਬਾਅਦ ਦੱਖਣੀ ਕੋਰੀਆ ਅਤੇ ਚੀਨ ਨੇ ਤਿੰਨ-ਤਿੰਨ ਵਾਰ ਏਸ਼ਿਆਈ ਖੇਡਾਂ ਕਰਵਾਈਆਂ ਹਨ ਅਤੇ ਹੁਣ ਜਾਪਾਨ ਵੀ ਤੀਜੀ ਵਾਰ ਏਸ਼ਿਆਈ ਖੇਡਾਂ ਕਰਵਾਉਣ ਵਾਲਾ ਤੀਜਾ ਮੁਲਕ ਬਣ ਜਾਵੇਗਾ। ਜਾਪਾਨ ਨੇ 1958 ਵਿੱਚ ਟੋਕੀਓ ਅਤੇ 1994 ਵਿੱਚ ਹੀਰੋਸ਼ੀਮਾ ਵਿੱਚ ਏਸ਼ਿਆਈ ਖੇਡਾਂ ਕਰਵਾਈਆਂ ਸਨ। ਉਸ ਤੋਂ ਬਾਅਦ ਭਾਰਤ ਅਤੇ ਇੰਡੋਨੇਸ਼ੀਆ ਨੇ ਦੋ-ਦੋ ਵਾਰ ਅਤੇ ਫਿਲਪਾਈਨਜ਼, ਇਰਾਨ ਅਤੇ ਕਤਰ ਨੇ ਇੱਕ-ਇੱਕ ਵਾਰ ਏਸ਼ਿਆਈ ਖੇਡਾਂ ਕਰਵਾਈਆਂ ਹਨ।

1951 ਵਿੱਚ ਨਵੀਂ ਦਿੱਲੀ ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ 11 ਮੁਲਕਾਂ ਦੇ 489 ਖਿਡਾਰੀਆਂ ਨੇ ਛੇ ਖੇਡਾਂ ਦੇ 57 ਈਵੈਂਟਾਂ ਵਿੱਚ ਹਿੱਸਾ ਲਿਆ ਸੀ। ਹੌਲੀ-ਹੌਲੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਮੁਲਕਾਂ, ਖਿਡਾਰੀਆਂ ਅਤੇ ਖੇਡਾਂ ਤੇ ਈਵੈਂਟਾਂ ਵਿੱਚ ਵਾਧਾ ਹੁੰਦਾ ਗਿਆ। ਮੁਲਕਾਂ ਦੀ ਗਿਣਤੀ 45 ਤੱਕ ਪਹੁੰਚ ਗਈ ਅਤੇ 46ਵਾਂ ਖੇਡ ਦਲ ਏ ਆਰ ਟੀ (ਏਸ਼ੀਅਨ ਰਿਫਿਊਜੀ ਟੀਮ) ਦਾ ਹੁੰਦਾ ਹੈ, ਜਿਸ ਵਿੱਚ ਰਿਫ਼ਿਊਜੀ ਖਿਡਾਰੀ ਓਲੰਪਿਕਸ ਕੌਂਸਲ ਆਫ਼ ਏਸ਼ੀਆ ਦੇ ਝੰਡੇ ਹੇਠ ਹਿੱਸਾ ਲੈਂਦੇ ਹਨ। 2018 ਵਿੱਚ ਸਭ ਤੋਂ ਵੱਧ 46 ਖੇਡਾਂ ਸ਼ਾਮਲ ਕੀਤੀਆਂ ਗਈਆਂ ਜਦੋਂ ਕਿ 2023 ਵਿੱਚ ਸਭ ਤੋਂ ਵੱਧ 481 ਈਵੈਂਟ ਕਰਵਾਏ ਗਏ।

ਏਸ਼ਿਆਈ ਖੇਡਾਂ ਵਿੱਚ ਮੁਲਕਾਂ ਦੀ ਸਰਦਾਰੀ ਦੀ ਗੱਲ ਕਰੀਏ ਤਾਂ 1978 ਤੱਕ ਚੀਨ ਦੀ ਗ਼ੈਰ-ਹਾਜ਼ਰੀ ਵਿੱਚ ਜਾਪਾਨ ਹੀ ਹਰ ਵਾਰ ਪਹਿਲੇ ਸਥਾਨ ਉੱਤੇ ਆਉਂਦਾ ਸੀ। 1982 ਤੋਂ ਬਾਅਦ ਚੀਨ ਨੇ ਪਹਿਲਾ ਸਥਾਨ ਮੱਲਿਆ ਹੈ। ਹੁਣ ਤੱਕ ਹੋਈਆਂ 19 ਏਸ਼ਿਆਈ ਖੇਡਾਂ ਵਿੱਚ ਜਿੱਤੇ ਤਗ਼ਮਿਆਂ ਦਾ ਹਿਸਾਬ ਕਰੀਏ ਤਾਂ ਚੀਨ ਪਹਿਲੇ ਨੰਬਰ ਉੱਤੇ ਹੈ, ਉਸ ਤੋਂ ਬਾਅਦ ਜਾਪਾਨ ਦੂਜੇ, ਦੱਖਣੀ ਕੋਰੀਆ ਤੀਜੇ, ਇਰਾਨ ਚੌਥੇ ਅਤੇ ਭਾਰਤ ਪੰਜਵੇਂ ਸਥਾਨ ਉੱਤੇ ਹੈ। ਚੀਨ ਨੇ ਹੁਣ ਤੱਕ ਕੁੱਲ 1674 ਸੋਨੇ, 1105 ਚਾਂਦੀ ਅਤੇ 791 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 3570 ਤਗ਼ਮੇ ਜਿੱਤੇ ਹਨ। ਦੂਜੇ ਨੰਬਰ ਉੱਤੇ ਜਾਪਾਨ ਨੇ 1084 ਸੋਨੇ, 1104 ਚਾਂਦੀ ਅਤੇ 1054 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 3242 ਤਗ਼ਮੇ ਜਿੱਤੇ ਹਨ। ਤੀਜੇ ਨੰਬਰ ਉੱਤੇ ਦੱਖਣੀ ਕੋਰੀਆ ਨੇ 787 ਸੋਨੇ, 722 ਚਾਂਦੀ ਅਤੇ 916 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 2425 ਤਗ਼ਮੇ, ਚੌਥੇ ਨੰਬਰ ਉੱਤੇ ਇਰਾਨ ਨੇ 192 ਸੋਨੇ, 202 ਚਾਂਦੀ ਅਤੇ 217 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 611 ਤਗ਼ਮੇ ਅਤੇ ਪੰਜਵੇਂ ਨੰਬਰ ਉੱਤੇ ਭਾਰਤ ਨੇ 183 ਸੋਨੇ, 239 ਚਾਂਦੀ ਅਤੇ 357 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 779 ਤਗ਼ਮੇ ਜਿੱਤੇ ਹਨ।

ਕੁੱਲ ਤਗ਼ਮਿਆਂ ਦੇ ਹਿਸਾਬ ਨਾਲ ਭਾਰਤ ਚੌਥੇ ਸਥਾਨ ਉੱਤੇ ਹੈ ਪਰ ਸੋਨ ਤਗ਼ਮਿਆਂ ਦੇ ਲਿਹਾਜ਼ ਨਾਲ ਇਰਾਨ ਚੌਥੇ ਸਥਾਨ ਉੱਤੇ ਹੈ। ਕੁੱਲ ਤਗ਼ਮਾ ਜੇਤੂ ਮੁਲਕਾਂ ਵਿੱਚ ਕਜ਼ਾਖ਼ਸਤਾਨ ਛੇਵੇਂ, ਥਾਈਲੈਂਡ ਸੱਤਵੇਂ, ਉੱਤਰੀ ਕੋਰੀਆ ਅੱਠਵੇਂ, ਚਾਈਨੀਜ਼ ਤਾਈਪੇ ਨੌਵੇਂ ਅਤੇ ਉਜ਼ਬੇਕਿਸਤਾਨ ਦਸਵੇਂ ਨੰਬਰ ਉੱਤੇ ਹੈ। ਇਹ ਵੀ ਗੌਰਤਲਬ ਹੈ ਕਿ ਜਿੱਥੇ ਚੀਨ, ਕਜ਼ਾਖ਼ਸਤਾਨ, ਉਜ਼ਬੇਕਿਸਤਾਨ ਆਦਿ ਮੁਲਕਾਂ ਨੇ ਬਹੁਤ ਦੇਰ ਬਾਅਦ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।

ਇਸ ਵਾਰ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਜਾਪਾਨ ਦੇ ਮੱਧ ਵਿੱਚ ਸਥਿਤ ਆਇਚੀ ਪ੍ਰੀਫੈਕਚਰ ਕਰ ਰਿਹਾ ਹੈ। ਜਾਪਾਨ ਵਿੱਚ ਪ੍ਰੀਫੈਕਚਰ ਪ੍ਰਸ਼ਾਸਨੀ ਖੇਤਰ ਅਖਵਾਉਂਦੇ ਹਨ। ਆਇਚੀ ਪ੍ਰੀਫੈਕਚਰ ਦੀ ਰਾਜਧਾਨੀ ਨਾਗੋਯਾ ਹੈ ਜੋ ਖੇਡਾਂ ਦਾ ਮੁੱਖ ਕੇਂਦਰ ਹੈ। 19 ਸਤੰਬਰ ਨੂੰ 20ਵੀਆਂ ਏਸ਼ਿਆਈ ਖੇਡਾਂ ਦਾ ਉਦਘਾਟਨੀ ਸਮਾਰੋਹ ਨਾਗੋਯਾ ਸ਼ਹਿਰ ਦੇ ਪਾਲੋਮਾ ਮਿਜ਼ੂਹਾ ਸਟੇਡੀਅਮ ਵਿੱਚ ਹੋਵੇਗਾ। ਜਾਪਾਨ ਦੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਤੇ ਆਧੁਨਿਕ ਤਕਨਾਲੋਜੀ ਦਾ ਸੁਮੇਲ ਇਸ ਸਮਾਰੋਹ ਵਿੱਚ ਖਿੱਚ ਦਾ ਕੇਂਦਰ ਹੋਵੇਗਾ। ਖੇਡਾਂ ਦੀ ਮਸ਼ਾਲ ਮਾਰਚ ਵੀ ਕੇਂਦਰ ਬਿੰਦੂ ਹੋਵੇਗੀ, ਜਿਸ ਨੇ ਟੋਕੀਓ ਅਤੇ ਹੀਰੋਸ਼ੀਮਾ ਵਰਗੇ ਇਤਿਹਾਸਕ ਸ਼ਹਿਰਾਂ ਦਾ ਦੌਰਾ ਕੀਤਾ ਹੈ ਜਿੱਥੇ ਪਹਿਲਾਂ ਵੀ ਵੱਡੀਆਂ ਖੇਡਾਂ ਹੋ ਚੁੱਕੀਆਂ ਹਨ।

ਖੇਡਾਂ ਦੀ ਗੱਲ ਕਰੀਏ ਤਾਂ ਸਾਰੀਆਂ ਪ੍ਰਮੁੱਖ ਖੇਡਾਂ ਇਨ੍ਹਾਂ ਦਾ ਹਿੱਸਾ ਹਨ। ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਹੁਣ ਖੇਡ ਪ੍ਰੇਮੀਆਂ ਨੂੰ ਸਾਰੀਆਂ ਪ੍ਰਮੁੱਖ ਖੇਡਾਂ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ। ਪਿਛਲੀਆਂ ਖੇਡਾਂ ਵਾਂਗ ਇਸ ਵਾਰ ਵੀ ਕ੍ਰਿਕਟ ਦੇ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਭਾਰਤ ਦੇ ਨਜ਼ਰੀਏ ਤੋਂ ਦੇਖੀਏ ਤਾਂ ਭਾਰਤ ਦਾ 503 ਮੈਂਬਰੀ ਖੇਡ ਦਲ 36 ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ, ਜਿਸ ਵਿੱਚ 269 ਪੁਰਸ਼ ਅਤੇ 234 ਮਹਿਲਾ ਖਿਡਾਰਨਾਂ ਸ਼ਾਮਲ ਹਨ। ਹਾਕੀ, ਕ੍ਰਿਕਟ, ਅਥਲੈਟਿਕਸ, ਬੈਡਮਿੰਟਨ, ਮੁੱਕੇਬਾਜ਼ੀ, ਕਬੱਡੀ, ਨਿਸ਼ਾਨੇਬਾਜ਼ੀ, ਟੈਨਿਸ, ਕੁਸ਼ਤੀ ਅਤੇ ਵੇਟਲਿਫਟਿੰਗ ਆਦਿ ਖੇਡਾਂ ਵਿੱਚ ਭਾਰਤੀ ਖੇਡ ਦਲ ਵੱਡੇ ਤਗ਼ਮੇ ਜਿੱਤਣ ਦਾ ਦਾਅਵੇਦਾਰ ਹੈ। ਟੀਮ ਖੇਡਾਂ ਵਿੱਚ ਹਾਕੀ, ਕਬੱਡੀ ਅਤੇ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਭਾਰਤ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਹਾਕੀ ਵਿੱਚ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਸਲੀਮਾ ਟੇਟੇ, ਨਵਨੀਤ ਕੌਰ, ਸਵਿਤਾ ਪੂਨੀਆ ਅਤੇ ਕ੍ਰਿਕਟ ਵਿੱਚ ਸ਼੍ਰੇਅਸ ਅਈਅਰ, ਅਭਿਸ਼ੇਕ ਸ਼ਰਮਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਹਰਮਨਪ੍ਰੀਤ ਕੌਰ ਤੇ ਸਮ੍ਰਿਤੀ ਮੰਧਾਨਾ ਪ੍ਰਮੁੱਖ ਹਨ। ਵਿਅਕਤੀਗਤ ਖੇਡਾਂ ਵਿੱਚ ਅਥਲੈਟਿਕਸ ਤੋਂ ਮੁਰਲੀ ਸ੍ਰੀਸ਼ੰਕਰ, ਅਵਿਨਾਸ਼ ਸਾਬਲੇ, ਗੁਲਵੀਰ ਸਿੰਘ, ਸਰਵੇਸ਼ ਕੁਸ਼ਾਰੇ, ਸੀਮਾ ਕਾਲੀਰਮਨ, ਤੇਜਿੰਦਰਪਾਲ ਸਿੰਘ ਤੂਰ ਅਤੇ ਗੁਰਿੰਦਰਵੀਰ ਸਿੰਘ ਵੱਡੇ ਦਾਅਵੇਦਾਰ ਹਨ, ਹਾਲਾਂਕਿ ਨੀਰਜ ਚੋਪੜਾ ਸੱਟ ਕਾਰਨ ਬਾਹਰ ਹੋ ਗਏ ਹਨ। ਇਸ ਤੋਂ ਇਲਾਵਾ ਬੈਡਮਿੰਟਨ ਵਿੱਚ ਪੀ ਵੀ ਸਿੰਧੂ, ਲਕਸ਼ਯ ਸੇਨ, ਚਿਰਾਗ ਸ਼ੈਟੀ, ਮੁੱਕੇਬਾਜ਼ੀ ਵਿੱਚ ਲਵਲੀਨਾ ਬੌਰਗੇਹਨ, ਪ੍ਰੀਤੀ ਪਵਾਰ, ਤਲਵਾਰਬਾਜ਼ੀ ਵਿੱਚ ਭਵਾਨੀ ਦੇਵੀ, ਗੌਲਫ਼ ਵਿੱਚ ਆਦਿਤੀ ਅਸ਼ੋਕ, ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ, ਰਾਹੀ ਸਰਨੋਬਾਤ, ਟੈਨਿਸ ਵਿੱਚ ਯੂਕੀ ਭਾਂਬਰੀ, ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂੰ ਅਤੇ ਕੁਸ਼ਤੀ ਵਿੱਚ ਅਮਨ ਸਹਰਾਵਤ ਆਦਿ ਖਿਡਾਰੀ ਭਾਰਤ ਦੀਆਂ ਉਮੀਦਾਂ ਨੂੰ ਲੈ ਕੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

27 ਪੰਜਾਬੀ ਖਿਡਾਰੀ: ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ 27 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ। ਇਨ੍ਹਾਂ ਵਿੱਚ ਪੁਰਸ਼ ਹਾਕੀ ਟੀਮ ਦੇ 8 ਖਿਡਾਰੀ (ਕਪਤਾਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ) ਮੁੱਖ ਤੌਰ ’ਤੇ ਸ਼ਾਮਲ ਹਨ। ਬਾਕੀ ਖੇਡਾਂ ਵਿੱਚ ਬਲਜੀਤ ਕੌਰ (ਹਾਕੀ), ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ ਤੇ ਹਰਮਨਪ੍ਰੀਤ ਕੌਰ (ਕ੍ਰਿਕਟ), ਤੇਜਿੰਦਰਪਾਲ ਸਿੰਘ ਤੂਰ ਸਮੇਤ 7 ਖਿਡਾਰੀ ਅਥਲੈਟਿਕਸ, ਜਦਕਿ ਵਿਸ਼ਵਜੀਤ ਸਿੰਘ, ਹਰਸ਼ਵੀਰ ਸਿੰਘ ਸੇਖੋਂ, ਅਮਨਦੀਪ ਕੌਰ, ਭਵਤੇਗ ਸਿੰਘ ਗਿੱਲ, ਪਰਿਨਾਜ਼ ਧਾਲੀਵਾਲ, ਧਰੁਵ ਕਪਿਲਾ, ਤਨਵੀ ਸ਼ਰਮਾ ਅਤੇ ਹਰਜਿੰਦਰ ਕੌਰ ਆਦਿ ਸਾਈਕਲਿੰਗ, ਰਗਬੀ, ਨਿਸ਼ਾਨੇਬਾਜ਼ੀ, ਬੈਡਮਿੰਟਨ ਤੇ ਵੇਟਲਿਫਟਿੰਗ ਵਿੱਚ ਮੈਦਾਨ ਵਿੱਚ ਉਤਰਨਗੇ।

Share: