ਅਟਲਾਂਟਾ (ਅਮਰੀਕਾ) : ਲਿਓਨਲ ਮੈਸੀ ਦਾ ਅਰਜਨਟੀਨਾ ਦੇ ਆਲੋਚਕਾਂ ਲਈ ਸੁਨੇਹਾ ਹੈ, ‘‘ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ।’’ ਅਰਜਨਟੀਨਾ ਦੇ ਇਸ ਸੁਪਰਸਟਾਰ ਨੇ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਮੌਜੂਦਾ ਆਲਮੀ ਫੀਫਾ ਕੱਪ ਚੈਂਪੀਅਨ ਟੀਮ ’ਤੇ ਪੱਖਪਾਤੀ ਅੰਪਾਇਰਿੰਗ ਅਤੇ ਫੁਟਬਾਲ ਜਗਤ ਦੇ ਵੱਡੇ ਅਧਿਕਾਰੀਆਂ ਵੱਲੋਂ ਫ਼ਾਇਦਾ ਪਹੁੰਚਾਏ ਜਾਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਚ ਦੇ ਆਖ਼ਰੀ ਮਿੰਟਾਂ ਵਿੱਚ ਪਛੜਨ ਦੇ ਬਾਵਜੂਦ ਵਾਪਸੀ ਕਰਨ ਦੀ ਟੀਮ ਦੀ ਸਮਰੱਥਾ ਹੀ ਸਿਰਫ਼ ਅਤੇ ਸਿਰਫ਼ ਇੱਕ ਚੈਂਪੀਅਨ ਟੀਮ ਦੇ ਇੱਥੇ ਤੱਕ ਪਹੁੰਚਣ ਦੇ ਸਫ਼ਰ ਦਾ ਨਤੀਜਾ ਹੈ, ਹੋਰ ਕੁਝ ਨਹੀਂ। ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇਈ ਨੇ ਵੀਰਵਾਰ ਨੂੰ ਕਿਹਾ ਕਿ ਉਹ ਵਹਿਮ-ਭਰਮ ਕਾਰਨ ਆਲਮੀ ਕੱਪ ਦਾ ਫਾਈਨਲ ਦੇਖਣ ਨਹੀਂ ਜਾਣਗੇ। ਇਸ ਦੀ ਬਜਾਏ ਉਹ ਐਤਵਾਰ ਨੂੰ ਸਪੇਨ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਇਸ ਮੁਕਾਬਲੇ ਨੂੰ ਘਰ ਬੈਠ ਕੇ ਹੀ ਦੇਖਣਗੇ, ਜਿੱਥੇ ਉਨ੍ਹਾਂ ਨੇ ਮੌਜੂਦਾ ਚੈਂਪੀਅਨ ਟੀਮ ਦੇ ਪਿਛਲੇ ਸਾਰੇ ਸੱਤ ਮੈਚ ਦੇਖੇ ਹਨ।
ਸਪੇਨ ਨੇ ਬਾਹਰ ਖੁੱਲ੍ਹੇ ਮੈਦਾਨ ’ਚ ਅਭਿਆਸ ਕੀਤਾ
ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਧੂੰਏਂ ਕਾਰਨ ਹਵਾ ਦੀ ਸਥਿਤੀ ਬੇਹੱਦ ਖ਼ਰਾਬ ਅਤੇ ਖ਼ਤਰਨਾਕ ਹੋਣ ਦੇ ਬਾਵਜੂਦ, ਸਪੇਨ ਦੇ ਖਿਡਾਰੀਆਂ ਨੇ ਵੀਰਵਾਰ ਨੂੰ ਉੱਤਰੀ ਨਿਊ ਜਰਸੀ ਵਿੱਚ ਬਾਹਰ ਖੁੱਲ੍ਹੇ ਮੈਦਾਨ ’ਚ ਆਲਮੀ ਕੱਪ ਫਾਈਨਲ ਲਈ ਅਭਿਆਸ ਕੀਤਾ। ਧੁੰਦ ਅਤੇ ਧੂੰਏਂ ਕਾਰਨ ਸੂਰਜ ਵੀ ਲੁਕਿਆ ਹੋਇਆ ਸੀ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਕਿ ਸਪੇਨ ਦਾ ਇਹ ਅਭਿਆਸ ਸੈਸ਼ਨ ਕਿੰਨਾ ਤੇਜ਼-ਤਰਾਰ ਸੀ। ਈਸਟ ਹੈਨੋਵਰ ਵਿੱਚ ਸਵੇਰੇ 11 ਵਜੇ (ਈ ਡੀ ਟੀ) ਸ਼ੁਰੂ ਹੋਣ ਵਾਲੇ ਇਸ ਇੱਕ ਘੰਟੇ ਦੇ ਨਿਰਧਾਰਤ ਸੈਸ਼ਨ ਵਿੱਚੋਂ ਮੀਡੀਆ ਕਰਮੀਆਂ ਨੂੰ ਸਿਰਫ਼ ਪਹਿਲੇ 15 ਮਿੰਟ ਹੀ ਦੇਖਣ ਦੀ ਇਜਾਜ਼ਤ ਸੀ।

