ਧਰਮਕੋਟ : ਮੋਗਾ ਦੇ ਥਾਣਾ ਸਦਰ ‘ਤੇ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਅੱਜ ਸੂਬੇ ਦਾ ਸਿਆਸੀ ਪਾਰਾ ਉਸ ਸਮੇਂ ਗਰਮਾ ਗਿਆ ਜਦੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੋਗਾ ਪੁਲੀਸ ਨੇ ਪ੍ਰਭਾਵਿਤ ਥਾਣੇ ਜਾਣ ਤੋਂ ਸਖ਼ਤੀ ਨਾਲ ਰੋਕ ਦਿੱਤਾ। ਕੇਂਦਰੀ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਹ ਅੱਜ ਮੋਗਾ ਦੇ ਸਦਰ ਥਾਣੇ ਜਾ ਕੇ ਧਮਾਕੇ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨਗੇ, ਪਰ ਜਿਵੇਂ ਹੀ ਦੁਪਹਿਰ ਵੇਲੇ ਉਹ ਆਪਣੇ ਕਾਫਲੇ ਨਾਲ ਮੋਗਾ ਦਾਖਲ ਹੋਏ, ਤਾਂ ਡੀਐਸਪੀ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਮੰਤਰੀ ਨੂੰ ਹਮਲੇ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ। ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਮੰਤਰੀ ਨਾਲ ਆਏ ਆਗੂਆਂ ਨੇ ਪੰਜਾਬੀ ਏਕਤਾ ਦੇ ਨਾਅਰੇ ਲਗਾਏ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਤੜਕਸਾਰ ਮੋਗਾ ਦੇ ਥਾਣਾ ਸਦਰ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹੈਂਡ ਗ੍ਰਨੇਡ ਸੁੱਟ ਕੇ ਹਮਲਾ ਕਰ ਦਿੱਤਾ ਸੀ। ਪੁਲੀਸ ਸੂਤਰਾਂ ਅਨੁਸਾਰ ਧਮਾਕੇ ਵਿੱਚ ਵਰਤਿਆ ਗਿਆ ਪਦਾਰਥ ਘੱਟ ਸ਼ਕਤੀਸ਼ਾਲੀ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਹਾਲਾਂਕਿ ਥਾਣੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਤੋਂ ਤੁਰੰਤ ਬਾਅਦ ਸਾਈਬਰ ਸੈੱਲ, ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮਾਂ ਨੇ ਦੇਰ ਰਾਤ ਤੱਕ ਡੂੰਘੀ ਜਾਂਚ ਕੀਤੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਵੱਖ-ਵੱਖ ਟੀਮਾਂ ਵੱਲੋਂ ਨਾਕਾਬੰਦੀ ਤੇਜ਼ ਕਰ ਦਿੱਤੀ ਗਈ ਹੈ।

