ਮਾਨਸਾ : ਮਾਨਸਾ-ਪਟਿਆਲਾ ਮੁੱਖ ਮਾਰਗ ’ਤੇ ਪਿੰਡ ਕੋਟੜਾ ਕਲਾਂ ਨੇੜੇ ਕਾਰ ਅਤੇ ਟਰਾਲੇ ਵਿਚਾਲੇ ਹੋਈ ਟੱਕਰ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਜਤਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ, ਅਵਤਾਰ ਸਿੰਘ ਪੁੱਤਰ ਗਿਆਨ ਸਿੰਘ, ਜਸ਼ਨਦੀਪ ਸਿੰਘ ਵਾਸੀ ਮਾਨਸਾ ਅਤੇ ਸੁਰਿੰਦਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਅੱਕਾਂਵਾਲੀ ਆਪਣੀ ਹੋਂਡਾ ਸਿਟੀ ਕਾਰ ’ਤੇ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਕੋਟੜਾ ਕਲਾਂ ਨੇੜੇ ਪਹੁੰਚੇ ਤਾਂ ਭੀਖੀ ਵਾਲੇ ਪਾਸਿਓਂ ਮਾਨਸਾ ਵੱਲ ਨੂੰ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਚਾਰੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਤਿਨ ਕੁਮਾਰ ਅਤੇ ਸੁਰਿੰਦਰਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਕਾਰ ਵਿੱਚ ਸਵਾਰ ਤੀਜੇ ਨੌਜਵਾਨ ਅਵਤਾਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਏਮਸ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ, ਜਦਕਿ ਚੌਥੇ ਨੌਜਵਾਨ ਜਸ਼ਨਦੀਪ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਥਾਣਾ ਭੀਖੀ ਦੇ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਸੁਰਿੰਦਰਪਾਲ ਸਿੰਘ ਦੇ ਜੀਜਾ ਚਰਨਜੀਤ ਸਿੰਘ ਵਾਸੀ ਧਲੇਵਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਭੀਖੀ ਵਿੱਚ ਕੇਸ ਦਰਜ ਕਰ ਕੇ ਟਰਾਲਾ ਚਾਲਕ ਭੋਲਾ ਸਿੰਘ ਵਾਸੀ ਬੱਲ੍ਹੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Posted inMansa
ਕਾਰ ਅਤੇ ਟਰਾਲੇ ਦੀ ਟੱਕਰ ਕਾਰਨ ਦੋ ਮੌਤਾਂ

