ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਮੇਂ ਇਰਾਨ ਨਾਲ ਵਿਸਥਾਰ ਵਿਚ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੂਟਨੀਤੀ ਅਸਫਲ ਹੁੰਦੀ ਹੈ ਤਾਂ ਉਹ ਸਖ਼ਤ ਫ਼ੌਜੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਟਰੰਪ ਨੇ ਸਪਸ਼ਟ ਕੀਤਾ ਕਿ ਗੱਲਬਾਤ ਲਈ ਜ਼ਿਆਦਾ ਸਮਾਂ ਨਹੀਂ ਦਿੱਤਾ ਜਾਵੇਗਾ, ਇਹ ਜਾਂ ਤਾਂ ਜਲਦੀ ਸਿਰੇ ਚੜ੍ਹੇਗੀ ਜਾਂ ਬਿਲਕੁਲ ਨਹੀਂ।
ਦੂਜੇ ਪਾਸੇ, ਅਮਰੀਕੀ ਹਮਲੇ ਰੁਕਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਆਇਲ (Brent Crude), ਜੋ ਪਿਛਲੇ ਹਫ਼ਤੇ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਸੀ, ਸੋਮਵਾਰ ਨੂੰ ਲਗਪਗ 6.5 ਫ਼ੀਸਦੀ ਡਿੱਗ ਕੇ 90 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਆ ਗਿਆ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਹਵਾਈ ਹਮਲੇ ਇਸ ਲਈ ਰੋਕੇ ਹਨ ਕਿਉਂਕਿ ਫ਼ੌਜੀ ਕਮਾਂਡਰਾਂ ਨੇ ਸਲਾਹ ਦਿੱਤੀ ਸੀ ਕਿ ਹਮਲੇ ਕਰਨ ਲਈ ਹੁਣ ਨਿਸ਼ਾਨੇ ਖ਼ਤਮ ਹੋ ਰਹੇ ਹਨ ਅਤੇ ਗੋਲਾ-ਬਾਰੂਦ ਘੱਟ ਰਿਹਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਪ੍ਰੈੱਸ ਕਾਨਫਰੰਸ ਵਿੱਚ ਸਪੱਸ਼ਟ ਕੀਤਾ ਕਿ ਇਰਾਨ ਨੇ ਅਮਰੀਕਾ ਨਾਲ ਸ਼ਾਂਤੀ ਸਬੰਧੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਕੋਈ ਅਪੀਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਬਿਲਕੁਲ ਬੇਬੁਨਿਆਦ ਹਨ ਅਤੇ ਗੱਲਬਾਤ ਲਈ ਹਾੜੇ ਕੱਢਣਾ ਉਨ੍ਹਾਂ ਦੇ ਸੁਭਾਅ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਇਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਸਵੇਰੇ ਇਰਾਨ ਦੀ ਇਜਾਜ਼ਤ ਤੋਂ ਬਿਨਾਂ ਹਰਮੁਜ਼ ਜਲ ਮਾਰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਛੇ ਜਹਾਜ਼ਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ। ਇਰਾਨ ਚਾਹੁੰਦਾ ਹੈ ਕਿ ਜਹਾਜ਼ ਸਿਰਫ਼ ਉਸ ਦੇ ਤੱਟ ਦੇ ਨੇੜੇ ਵਾਲੇ ਚੈਨਲ ਰਾਹੀਂ ਹੀ ਗੁਜ਼ਰਨ ਜਿੱਥੇ ਉਹ ਟਰਾਂਜ਼ਿਟ ਫ਼ੀਸ ਵਸੂਲਣਾ ਚਾਹੁੰਦਾ ਹੈ, ਜਦਕਿ ਅਮਰੀਕਾ ਇਸ ਸਮੁੰਦਰੀ ਰਸਤੇ ਦੀ ਆਜ਼ਾਦੀ ’ਤੇ ਜ਼ੋਰ ਦੇ ਰਿਹਾ ਹੈ।
ਇਰਾਨ ਵੱਲੋਂ ਗੁਆਂਢੀ ਦੇਸ਼ਾਂ ’ਤੇ ਡਰੋਨ ਹਮਲੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਖ਼ਿਲਾਫ਼ ਹਵਾਈ ਹਮਲਿਆਂ ਦੀ ਮੁਹਿੰਮ ਨੂੰ ਦੋ ਹਫ਼ਤਿਆਂ ਲਈ ਰੋਕਣ ਦੇ ਐਲਾਨ ਤੋਂ ਮਹਿਜ਼ ਦੋ ਦਿਨ ਬਾਅਦ ਸੋਮਵਾਰ ਨੂੰ ਸਾਊਦੀ ਅਰਬ, ਜਾਰਡਨ ਅਤੇ ਇਰਾਕ ਵਿੱਚ ਡਰੋਨ ਹਮਲੇ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਤੋਂ ਜਾਪਦਾ ਹੈ ਕਿ ਇਰਾਨ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਇਸ ਨਵੇਂ ਫ਼ੈਸਲੇ ਦੀ ਪਰਖ ਕੀਤੀ ਜਾ ਰਹੀ ਹੈ।
ਸਾਊਦੀ ਅਰਬ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰਾਜਧਾਨੀ ਰਿਆਧ ਸਮੇਤ ਕਈ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਭੇਜੇ ਗਏ ਡਰੋਨਾਂ ਨੂੰ ਨਕਾਰਾ ਕਰ ਦਿੱਤਾ ਹੈ। ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਡਰੋਨ ਇਰਾਕ ਤੋਂ ਇਰਾਨ ਪੱਖੀ ਹਥਿਆਰਬੰਦ ਸਮੂਹਾਂ ਵੱਲੋਂ ਦਾਗੇ ਗਏ ਸਨ ਅਤੇ ਦੇਸ਼ ਕੋਲ ਇਸ ਦਾ ਢੁਕਵਾਂ ਜਵਾਬ ਦੇਣ ਦਾ ਪੂਰਾ ਹੱਕ ਹੈ। ਇਸ ਤੋਂ ਇਲਾਵਾ, ਯਮਨ ਦੇ ਹੂਤੀ ਬਾਗ਼ੀਆਂ ਨੇ ਵੀ ਸਾਊਦੀ ਅਰਬ ਦੇ ਮੁੱਖ ਲਾਲ ਸਾਗਰ ਤੇਲ ਬੰਦਰਗਾਹ ਯਾਨਬੂ ਵੱਲ ਜਾਣ ਵਾਲੇ ਤੇਲ ਰੂਟਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਜਾਰਡਨ ਅਤੇ ਉੱਤਰੀ ਇਰਾਕ ਵਿੱਚ ਵੀ ਕਈ ਡਰੋਨ ਦੇਖੇ ਗਏ ਅਤੇ ਹਮਲਿਆਂ ਦੀ ਸੂਚਨਾ ਮਿਲੀ ਹੈ।

