ਸਿੱਕਮ ਦੀ ਨਿਰਮਾਣ ਅਧੀਨ ਸੁਰੰਗ ’ਤੇ ਢਿੱਗਾਂ ਡਿੱਗੀਆਂ; 27 ਮਜ਼ਦੂਰ ਫਸੇ

ਸਿੱਕਮ ਦੀ ਨਿਰਮਾਣ ਅਧੀਨ ਸੁਰੰਗ ’ਤੇ ਢਿੱਗਾਂ ਡਿੱਗੀਆਂ; 27 ਮਜ਼ਦੂਰ ਫਸੇ

ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਅੱਜ ਇੱਕ ਨਿਰਮਾਣ ਅਧੀਨ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਦੀ ਸਮਰਦੁੰਗ ਸੁਰੰਗ ’ਤੇ ਭਾਰੀ ਢਿੱਗਾਂ ਡਿੱਗ ਗਈਆਂ ਜਿਸ ਕਾਰਨ ਇਸ ਦਾ ਮੁੱਖ ਐਂਟਰੀ ਗੇਟ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਹਾਦਸੇ ਕਾਰਨ ਸੁਰੰਗ ਦੇ ਅੰਦਰ ਕੰਮ ਕਰ ਰਹੇ 27 ਮਜ਼ਦੂਰ ਫਸ ਗਏ ਹਨ। ਨਾਮਚੀ ਦੀ ਜ਼ਿਲ੍ਹਾ ਕਲੈਕਟਰ (ਡੀਸੀ) ਅਨੂਪਾ ਤਾਮਲਿੰਗ ਅਨੁਸਾਰ ਫਸੇ ਹੋਏ ਮਜ਼ਦੂਰਾਂ ਦੀ ਸਹੀ ਗਿਣਤੀ ਦਾ ਪਤਾ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਮੀਥੇਨ ਗੈਸ ਲੀਕ ਹੋਣ ਕਾਰਨ ਬਚਾਅ ਟੀਮ ਦੇ ਮੈਂਬਰਾਂ ਦੀ ਸਿਹਤ ਵਿਗੜੀ

ਘਟਨਾ ਦੀ ਜਾਣਕਾਰੀ ਮਿਲਦੇ ਹੀ NDRF, SDRF, ਜ਼ਿਲ੍ਹਾ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਈਆਂ। ਹਾਲਾਂਕਿ, ਸੁਰੰਗ ਦੇ ਅੰਦਰ ਢਿੱਗਾਂ ਡਿੱਗਣ ਕਾਰਨ ਮੀਥੇਨ ਗੈਸ ਦੇ ਲੀਕ ਹੋਣ ਦੀ ਸ਼ੰਕਾ ਹੈ, ਜਿਸ ਨਾਲ ਆਕਸੀਜਨ ਦਾ ਪੱਧਰ ਕਾਫ਼ੀ ਘੱਟ ਗਿਆ ਹੈ। ਬਚਾਅ ਕਾਰਜਾਂ ਦੌਰਾਨ ਅੰਦਰ ਜਾਣ ਵਾਲੇ ਕਈ ਬਚਾਅ ਕਰਮਚਾਰੀਆਂ ਨੂੰ ਚੱਕਰ ਆਉਣ ਲੱਗੇ ਅਤੇ ਕੁਝ ਬਚਾਅ ਕਰਮੀ ਬੇਹੋਸ਼ ਵੀ ਹੋ ਗਏ, ਜਿਸ ਕਾਰਨ ਰੈਸਕਿਊ ਅਪ੍ਰੇਸ਼ਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਗੈਸ ਮਾਸਕ ਪਹਿਨ ਕੇ ਮਜ਼ਦੂਰਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕਈ ਟੀਮਾਂ ਦੀ ਡਿਊਟੀ ਲਾ ਦਿੱਤੀ ਹੈ।

Share: