ਚੰਡੀਗਡ਼੍ਹ : ਪੰਜਾਬ ਵਿੱਚ ਵਧਦੀ ਗਰਮੀ ਕਾਰਨ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਸੂਬੇ ਵਿੱਚ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਟੱਪ ਗਈ ਹੈ। ਅੱਜ ਬਿਜਲੀ ਦੀ ਮੰਗ 17,085 ਮੈਗਾਵਾਟ ਦਰਜ ਕੀਤੀ ਗਈ। ਸਾਲ 2025 ਵਿੱਚ ਅੱਜ ਦੇ ਦਿਨ ਇਹ ਮੰਗ 15,390 ਮੈਗਾਵਾਟ ਅਤੇ 2024 ’ਚ 14,314 ਮੈਗਾਵਾਟ ਸੀ। ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਮੰਗ 15 ਹਜ਼ਾਰ ਮੈਗਾਵਾਟ ਦੇ ਕਰੀਬ ਰਹਿੰਦੀ ਹੈ ਪਰ ਪਿਛਲੇ 5-6 ਦਿਨਾਂ ਤੋਂ ਮੰਗ ਲਗਾਤਾਰ 16 ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ।
ਇਸ ਵੇਲੇ ਸੂਬੇ ਦੇ ਸਰਕਾਰੀ ਅਤੇ ਨਿੱਜੀ ਖੇਤਰ ਦੇ 5 ਥਰਮਲ ਪਲਾਂਟਾਂ ਦੇ 15 ’ਚੋਂ 14 ਯੂਨਿਟ ਪੂਰੀ ਸਮਰੱਥਾ ਦੇ ਨੇੜੇ ਚੱਲ ਰਹੇ ਹਨ। ਝੋਨੇ ਦੀ ਲੁਆਈ ਦੇ ਚੱਲਦਿਆਂ ਖੇਤੀ ਖੇਤਰ ਨੂੰ ਨਿਰਧਾਰਤ 8 ਘੰਟੇ ਦੀ ਬਜਾਏ ਸਿਰਫ਼ 3 ਤੋਂ 4 ਘੰਟੇ ਹੀ ਬਿਜਲੀ ਮਿਲ ਰਹੀ ਹੈ। ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੂੰ ਮਜਬੂਰਨ ਜੈਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਬਿਜਲੀ ਸੰਕਟ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਸ਼ਹਿਰੀ ਖੇਤਰਾਂ ਵਿੱਚ ਵੀ ਲਗਾਤਾਰ ਅਣ-ਐਲਾਨੇ ਕੱਟ ਲੱਗ ਰਹੇ ਹਨ। ਪਾਵਰਕੌਮ ਦੇ ਸੂਤਰਾਂ ਅਨੁਸਾਰ ਜੇ ਬਿਜਲੀ ਦੀ ਮੰਗ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

