ਪੰਜਾਬ ਵਿੱਚ ਅਗਲੇ ਛੇ ਦਿਨ ਪਵੇਗਾ ਮੀਂਹ

ਪੰਜਾਬ ਵਿੱਚ ਅਗਲੇ ਛੇ ਦਿਨ ਪਵੇਗਾ ਮੀਂਹ

ਚੰਡੀਗਡ਼੍ਹ : ਪੰਜਾਬ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋ ਗਿਆ ਹੈ, ਜਿਸ ਸਦਕਾ ਅੱਜ ਵੀ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੀਂਹ ਪਿਆ ਹੈ। ਮੀਂਹ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲ ਗਈ ਹੈ, ਜਦੋਂ ਕਿ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਅਗਲੇ 6 ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਵਿੱਚੋਂ 28 ਤੇ 29 ਜੁਲਾਈ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਪਵੇਗਾ। ਇਸ ਲਈ ਮੌਸਮ ਵਿਗਿਆਨੀਆਂ ਨੇ 28 ਤੇ 29 ਜੁਲਾਈ ਲਈ ਔਰੈਂਜ ਅਲਰਟ ਜਾਰੀ ਕਰ ਦਿੱਤਾ ਹੈ, ਜਦੋਂ ਕਿ 30 ਤੇ 31 ਜੁਲਾਈ ਅਤੇ 1 ਤੇ 2 ਅਗਸਤ ਨੂੰ ਪੰਜਾਬ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ। ਪੰਜਾਬ ਵਿੱਚ ਅੱਜ ਸਵੇਰੇ ਜ਼ਿਆਦਾਤਰ ਇਲਾਕਿਆਂ ਵਿੱਚ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ ਪਰ ਦਿਨ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸਮੇਂ ’ਤੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਕਰਕੇ ਮੌਸਮ ਅੱਜ ਤੋਂ ਹੀ ਬਦਲਣਾ ਸ਼ੁਰੂ ਹੋ ਗਿਆ ਹੈ। ਉਧਰ ਸੂਬੇ ਵਿੱਚ ਝੋਨੇ ਨੂੰ ਪਾਣੀ ਦੀ ਵਧੇਰੇ ਜ਼ਰੂਰਤ ਹੋਣ ਕਰਕੇ ਫ਼ਸਲ ਨੂੰ ਮੀਂਹ ਦਾ ਪਾਣੀ ਮਿਲ ਰਿਹਾ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ 14 ਐੱਮ ਐੱਮ, ਬਠਿੰਡਾ ਵਿੱਚ 14.5 ਐੱਮ ਐੱਮ, ਪਠਾਨਕੋਟ ਵਿੱਚ 25.5 ਐੱਮ ਐੱਮ, ਰੂਪਨਗਰ ਵਿੱਚ 21.5 ਐੱਮ ਐੱਮ ਮੀਂਹ ਪਿਆ। ਇਸ ਤੋਂ ਇਲਾਵਾ ਕਪੂਰਥਲਾ ਤੇ ਹੋਰ ਕਈ ਸ਼ਹਿਰਾਂ ਵਿੱਚ ਵੀ ਕਿਣ-ਮਿਣ ਹੋਈ ਹੈ। ਅੱਜ ਸੂਬੇ ਵਿੱਚ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜਦੋਂ ਕਿ ਬਾਕੀ ਸ਼ਹਿਰਾਂ ਵਿੱਚ ਤਾਪਮਾਨ 33 ਤੋਂ 38 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ।

Share: