ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੰਗਲਵਾਰ, 21 ਜੁਲਾਈ ਨੂੰ ਮੰਤਰੀ ਮੰਡਲ (ਕੈਬਨਿਟ) ਦੀ ਵਿਸ਼ੇਸ਼ ਮੀਟਿੰਗ ਸੱਦੀ ਹੈ। ਜਾਣਕਾਰੀ ਅਨੁਸਾਰ ਇਹ ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ’ਤੇ ਕੀਤੀ ਜਾਵੇਗੀ। ਇਸ ਬੈਠਕ ਦੌਰਾਨ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵੱਲੋਂ ਸੂਬੇ ਦੇ ਮਹੱਤਵਪੂਰਨ ਮੁੱਦਿਆਂ, ਵਿਕਾਸ ਕਾਰਜਾਂ ਅਤੇ ਪ੍ਰਸ਼ਾਸਨਿਕ ਨੀਤੀਆਂ ‘ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਬੈਠਕ ਵਿੱਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਜਾ ਸਕਦੀ ਹੈ। ਇਸ ਦੌਰਾਨ ਕਈ ਹੋਰ ਵੱਡੇ ਫੈਸਲਿਆਂ ’ਤੇ ਵੀ ਮੋਹਰ ਲੱਗ ਸਕਦੀ ਹੈ।
ਇਹ ਪਤਾ ਲੱਗਿਆ ਹੈ ਕਿ ਇਸ ਮੀਟਿੰਗ ਵਿਚ ਨਵੀਂ ਭਰਤੀ, ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਤੇ ਸਰਕਾਰ ਹੁਣ ਇਨ੍ਹਾਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਆਮ ਲੋਕਾਂ ਦੇ ਵੋਟ ਹਾਸਲ ਕਰਨ ਲਈ ਕਈ ਯੋਜਨਾਵਾਂ ਲਿਆ ਸਕਦੀ ਹੈ। ਦੱਸਣਾ ਬਣਦਾ ਹੈ ਕਿ ਅੱਠ ਮਈ ਦੀ ਕੈਬਨਿਟ ਮੀਟਿੰਗ ਵਿਚ 65 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਰਾਹਤ ਦਿੱਤੀ ਗਈ ਸੀ। ਇਸ ਤੋਂ ਬਾਅਦ ਵਾਲੀ ਮੀਟਿੰਗ ਵਿਚ ਨਿੱਜੀ ਸਕੂਲਾਂ ਦੇ ਫੀਸ ਵਾਧੇ ਨੂੰ ਰੋਕਣ ਲਈ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੌਰਾਨ ਇਹ ਵੀ ਫੈਸਲਾ ਹੋਇਆ ਸੀ ਕਿ ਪੰਜ ਫੀਸਦੀ ਤੋਂ ਵਧ ਫੀਸ ਵਸੂਲਣ ਵਾਲੇ ਸਕੂਲਾਂ ਤੋਂ ਵਾਧੂ ਫੀਸ ਵਾਪਸ ਕਰਵਾਈ ਜਾਵੇਗੀ।

