NEET UG 2026 ਪੇਪਰ ਲੀਕ ਮਾਮਲਾ: CBI ਵੱਲੋਂ 13 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ

NEET UG 2026 ਪੇਪਰ ਲੀਕ ਮਾਮਲਾ: CBI ਵੱਲੋਂ 13 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ : ਸੀ.ਬੀ.ਆਈ. (CBI) ਨੇ NEET UG 2026 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ 13 ਮੁਲਜ਼ਮਾਂ ਵਿਰੁੱਧ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਤਿੰਨ ਵਿਸ਼ਾ ਮਾਹਰ, ਕੋਚਿੰਗ ਸੈਂਟਰਾਂ ਨਾਲ ਜੁੜੇ ਦੋ ਵਿਅਕਤੀ, ਵਿਚੋਲੇ ਅਤੇ ਕੁਝ ਲਾਭ ਹਾਸਲ ਕਰਨ ਵਾਲੇ ਉਮੀਦਵਾਰ ਸ਼ਾਮਲ ਹਨ। ਏਜੰਸੀ ਨੇ ਚਾਰਜਸ਼ੀਟ ਵਿੱਚ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਐਕਟ 2024 ਦੀਆਂ ਧਾਰਾਵਾਂ ਲਾਈਆਂ ਹਨ। ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ 360 ਗਵਾਹ, 422 ਦਸਤਾਵੇਜ਼ ਆਦਿ ਨੂੰ ਸਬੂਤ ਵਜੋਂ ਪੇਸ਼ ਕੀਤਾ ਹੈ ਅਤੇ ਨਾਮਜ਼ਦ ਸਾਰੇ 13 ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। ਜਾਣਕਾਰੀ ਅਨੁਸਾਰ 3 ਮਈ ਨੂੰ ਹੋਈ ਪ੍ਰੀਖਿਆ ਵਿੱਚ ਬੇਨੇਮੀਆਂ ਹੋਈਆਂ ਸਨ ਤੇ ਇਸ ਮਾਮਲੇ ਦੀ ਜਾਂਚ 12 ਮਈ ਨੂੰ ਸੀ.ਬੀ.ਆਈ. ਨੂੰ ਸੌਂਪੀ ਗਈ ਸੀ ਜਿਸ ਤੋਂ ਬਾਅਦ ਪ੍ਰੀਖਿਆ ਰੱਦ ਕਰਕੇ 21 ਜੂਨ ਨੂੰ ਮੁੜ ਪ੍ਰੀਖਿਆ ਲਈ ਗਈ ਸੀ।

ਏਜੰਸੀ ਨੇ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਆਦਿ ਵਿਚ 92 ਥਾਵਾਂ ’ਤੇ ਛਾਪੇ ਮਾਰੇ ਸਨ। ਚਾਰਜਸ਼ੀਟ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਤਿੰਨ ਵਿਸ਼ਾ ਮਾਹਰਾਂ ਪੀ.ਵੀ. ਕੁਲਕਰਨੀ (ਕੈਮਿਸਟਰੀ), ਮਨੀਸ਼ਾ ਗੁਰੂਨਾਥ ਮੰਧਾਰੇ (ਬਾਇਓਲੋਜੀ) ਅਤੇ ਮਨੀਸ਼ਾ ਸੰਜੈ ਹਵਾਲਦਾਰ (ਫਿਜ਼ਿਕਸ) ਦੇ ਨਾਲ-ਨਾਲ ਲਾਤੂਰ ਅਤੇ ਪੁਣੇ ਦੇ ਕੋਚਿੰਗ ਸੈਂਟਰਾਂ ਨਾਲ ਜੁੜੇ ਡਾ. ਮਨੋਜ ਸ਼ਿਰੂਰੇ, ਤੇਜਸ ਹਰਸ਼ਦਕੁਮਾਰ ਸ਼ਾਹ ਅਤੇ ਸ਼ਿਵਰਾਜ ਰਘੁਨਾਥ ਮੋਤੇਗਾਂਵਕਰ ਦੇ ਨਾਮ ਸ਼ਾਮਲ ਹਨ।

ਇਸ ਪੇਪਰ ਲੀਕ ਵਿਰੁੱਧ ‘ਕੌਕਰੇਚ ਜਨਤਾ ਪਾਰਟੀ’ ਦੀ ਅਗਵਾਈ ਹੇਠ ਜੰਤਰ-ਮੰਤਰ ਉੱਤੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਧਰਮੇਂਦਰ ਪ੍ਰਧਾਨ ਨੂੰ ਕੇਂਦਰੀ ਸਿੱਖਿਆ ਮੰਤਰੀ ਵਜੋਂ ਅਸਤੀਫ਼ਾ ਦੇਣਾ ਪਿਆ ਸੀ।

Share: