ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਨੇ ਕਿਹਾ ਹੈ ਕਿ ਦੱਖਣ-ਪੱਛਮੀ ਜਾਪਾਨ ਦੇ ਕੁਝ ਹਿੱਸਿਆਂ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ 13 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਹੈ ਅਤੇ ਬੁੱਧਵਾਰ ਸਵੇਰੇ ਲਾਪਤਾ ਲੋਕਾਂ ਲਈ ਬਚਾਅ ਕਾਰਜ ਜਾਰੀ ਸਨ। ਮੰਗਲਵਾਰ ਦੇਰ ਸ਼ਾਮ ਦੱਖਣੀ ਮੁੱਖ ਦੀਪ ਕਿਊਸ਼ੂ ਦੇ ਕੁਮਾਮੋਟੋ ਖੇਤਰ ਵਿੱਚ 7.1 ਸ਼ਿੱਦਤ ਦਾ ਭੂਚਾਲ ਆਇਆ।
ਤਾਕਾਈਚੀ ਨੇ ਕਿਹਾ, “ਕੁਝ ਲੋਕ ਅਜਿਹੇ ਹਨ ਜੋ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਹਨ, ਅਤੇ ਇਹ ਸਮੇਂ ਦੇ ਵਿਰੁੱਧ ਇੱਕ ਦੌੜ ਹੈ। ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ।” ਤਾਕਾਈਚੀ ਨੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ, ਨਾਲ ਹੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਵਿੱਚ ਆਪਣਾ ਧਿਆਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਪਾਨ ਦੀਆਂ ਸਵੈ-ਰੱਖਿਆ ਫ਼ੌਜਾਂ ਨੇ ਬੁਰੀ ਤਰ੍ਹਾਂ ਨੁਕਸਾਨੇ ਗਏ ਸ਼ਾਪਿੰਗ ਮਾਲ ਵਿਖੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਬਚਾਅ ਕਰਮਚਾਰੀਆਂ ਦਾ ਸਾਥ ਦਿੱਤਾ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਰਹੀਆਂ ਹਨ। ਕੁਮਾਮੋਟੋ ਦੀ ਸੂਬਾਈ ਰਾਜਧਾਨੀ ਵਿੱਚ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਭੂਚਾਲ ਕਾਰਨ ਕਾਸ਼ੀਮਾ ਕਸਬੇ ਵਿੱਚ ਏਓਨ ਮਾਲ ਦੀ ਦੂਜੀ ਮੰਜ਼ਿਲ ਡਿੱਗ ਗਈ, ਜਿਸ ਵਿੱਚ ਲੋਕ ਫਸ ਗਏ।
ਕਿਓਡੋ ਨਿਊਜ਼ ਨੇ ਦੱਸਿਆ ਕਿ ਯਾਤਸ਼ੀਰੋ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਹੋਏ ਲਗਪਗ 40 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਲਗਭਗ 50 ਹੋਰਾਂ ਨੂੰ ਕੁਮਾਮੋਟੋ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ।
ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਸ਼ਿਨਜੀ ਕਿਯੋਮੋਟੋ ਨੇ ਸੰਭਾਵੀ ਝਟਕਿਆਂ ਕਾਰਨ ਨਿਵਾਸੀਆਂ ਨੂੰ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਸਾਵਧਾਨ ਰਹਿਣ ਦੀ ਅਪੀਲ ਕੀਤੀ।

