ਜੈੱਨ-ਜ਼ੀ ਦੀ ਜਿੱਤ: ਨੌਜਵਾਨਾਂ ਨੂੰ ਲੁਭਾਉਣ ਲੱਗੀ ‘ਆਪ’

ਜੈੱਨ-ਜ਼ੀ ਦੀ ਜਿੱਤ: ਨੌਜਵਾਨਾਂ ਨੂੰ ਲੁਭਾਉਣ ਲੱਗੀ ‘ਆਪ’

ਚੰਡੀਗਡ਼੍ਹ : ਆਮ ਆਦਮੀ ਪਾਰਟੀ ਹੁਣ ਨੌਜਵਾਨੀ ਅਤੇ ਹਿੰਦੂ ਵੋਟਰਾਂ ਨੂੰ ਲਾਮਬੰਦ ਕਰਨ ’ਤੇ ਧਿਆਨ ਕੇਂਦਰਿਤ ਕਰਨ ਲੱਗੀ ਹੈ। ਕੌਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਦਿੱਲੀ ’ਚ ਨੌਜਵਾਨਾਂ ਦੇ ਪ੍ਰਦਰਸ਼ਨਾਂ ਨੂੰ ਹਾਲ ਹੀ ਵਿੱਚ ਭਾਰੀ ਸਫ਼ਲਤਾ ਮਿਲੀ ਹੈ। ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਕੁਰਸੀ ਗੁਆਉਣੀ ਪਈ। ‘ਜੈੱਨ-ਜ਼ੀ’ ਦੀ ਤਾਕਤ ਨੂੰ ਹੁਣ ‘ਆਪ’ ਆਗਾਮੀ ਚੋਣਾਂ ਦੇ ਮੱਦੇਨਜ਼ਰ ਹੱਥ ’ਚ ਕਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਭਾਜਪਾ ਵੱਲੋਂ ਪੰਜਾਬ ’ਚ ਸਿੱਖ ਭਾਈਚਾਰੇ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਮੌਜੂਦਾ ਸਥਿਤੀ ਮਗਰੋਂ ਪੰਜਾਬ ਦੀ ਜਵਾਨੀ ਨੂੰ ਲਾਮਬੰਦ ਕਰਨ ਦਾ ਪੈਂਤੜਾ ਅਪਨਾਉਣਾ ਸ਼ੁਰੂ ਕੀਤਾ ਹੈ। 2022 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਪੰਜਾਬ ’ਚੋਂ ਨੌਜਵਾਨੀ ਦਾ ਵੱਡਾ ਸਮਰਥਨ ਮਿਲਿਆ ਸੀ। ਆਮ ਆਦਮੀ ਪਾਰਟੀ ਨੇ ਨੀਟ ਦੇ ਪੇਪਰ ਲੀਕ ਤੋਂ ਰੋਹ ’ਚ ਆਈ ਜਵਾਨੀ ਦੇ ਮੌਕੇ ਨੂੰ ਖੁੰਝਣ ਨਹੀਂ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਲੰਘੇ ਸਾਢੇ ਚਾਰ ਸਾਲਾਂ ’ਚ 68 ਹਜ਼ਾਰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ‘ਆਪ’ ਦੇ ਆਗੂ ਇਹ ਵੀ ਆਖਦੇ ਹਨ ਕਿ ਸਾਲ 2021 ’ਚ ਨੀਟ ਦੀ ਪ੍ਰੀਖਿਆ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਸਿਰਫ਼ 80 ਬੱਚੇ ਸਨ ਜਿਨ੍ਹਾਂ ਦੀ ਗਿਣਤੀ ’ਚ ਐਤਕੀਂ ਕਰੀਬ 10 ਗੁਣਾ ਦਾ ਵਾਧਾ ਹੈ। ਲੰਘੇ ਕੱਲ੍ਹ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੇ ਐਲਾਨ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤੇ ਸਨ। ‘ਆਪ’ ਦੇ ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ ਅਤੇ ਕਪੂਰਥਲਾ ’ਚ ਹੋਏ ਪ੍ਰਦਰਸ਼ਨਾਂ ’ਚ ਵੱਡੀ ਗਿਣਤੀ ’ਚ ਨੌਜਵਾਨ ਸ਼ਾਮਲ ਹੋਏ ਸਨ। ਪੰਜਾਬ ’ਚ 29 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਦਾ ਅੰਕੜਾ 46 ਲੱਖ ਬਣਦਾ ਹੈ ਜੋ ਕਿ ਕਰੀਬ 24 ਫ਼ੀਸਦੀ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ 5.50 ਲੱਖ ਨੌਜਵਾਨ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਦਿੱਤੇ ਸਰਕਾਰੀ ਰੁਜ਼ਗਾਰ ਨੂੰ ਸਿਆਸੀ ਤੌਰ ’ਤੇ ਹੋਰ ਉਭਾਰਿਆ ਜਾਵੇਗਾ ਅਤੇ ਨਾਲ ਹੀ ‘ਆਪ’ ਵਿਦਿਆਰਥੀ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਕੇ ਬਾਕੀ ਸਿਆਸੀ ਧਿਰਾਂ ਤੋਂ ਅੱਗੇ ਨਿਕਲਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਨੇ ਨੌਜਵਾਨਾਂ ਲਈ ਭਲਾਈ ਸਕੀਮਾਂ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀਆਂ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਇਸੇ ਤਰ੍ਹਾਂ ਹੁਨਰ ਵਿਕਾਸ ’ਚ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਸਮਰੱਥ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਦੇਖਿਆ ਜਾਵੇ ਤਾਂ ਪਾਰਟੀ ਦੀ ਰਣਨੀਤੀ ਮੁੱਖ ਤੌਰ ’ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਜੁੜਨ ਅਤੇ ਵਿਦਿਆਰਥੀ ਸਰਗਰਮੀ (ਜਿਵੇਂ ਕਿ ਪੰਜਾਬ ਯੂਨੀਵਰਸਿਟੀ ਵਿੱਚ ਦੇਖਿਆ ਗਿਆ) ’ਤੇ ਆਧਾਰਿਤ ਹੈ। ਹੁਣ ਜਦੋਂ ਭਾਜਪਾ ਨੇ ਸਿੱਖ ਭਾਈਚਾਰੇ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ‘ਆਪ’ ਨੇ ਹਿੰਦੂ ਭਾਈਚਾਰੇ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਸਾਲ 2022 ਦੀਆਂ ਚੋਣਾਂ ਸਮੇਂ ਵੀ ‘ਆਪ’ ਨੇ ਹਿੰਦੂ ਬਹੁਗਿਣਤੀ ਵਾਲੀਆਂ ਅਸੈਂਬਲੀ ਸੀਟਾਂ ’ਤੇ ਵੀ ਜਿੱਤ ਹਾਸਲ ਕੀਤੀ ਸੀ। ਹਿੰਦੂ ਬਹੁਗਿਣਤੀ ਵਾਲੇ ਹਲਕਿਆਂ ’ਚ ‘ਆਪ’ ਵੱਲੋਂ ‘ਭਜਨ ਸੰਧਿਆ’ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ਚ ਹਿੰਦੂ ਤੀਰਥ ਸਥਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਸੀ ਕਿ ਪੰਜਾਬ ਚੋਣਾਂ ਦੇ ਮੱਦੇਨਜ਼ਰ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪਾਰਟੀ ਸਾਰੇ ਧਰਮਾਂ ਅਤੇ ਵਰਗਾਂ ਤੱਕ ਪਹੁੰਚ ਬਣਾ ਰਹੀ ਹੈ।

Share: