ਕੁਮਾਮੋਤੋ (ਜਪਾਨ) : ਜਪਾਨ ਦੇ ਦੱਖਣ-ਪੱਛਮੀ ਖੇਤਰ ਕੁਮਾਮੋਤੋ ਵਿੱਚ ਆਏ 7.1 ਤੀਬਰਤਾ ਦੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ, 62 ਤੋਂ ਵੱਧ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਗੰਭੀਰ ਹੈ। ਮਲਬੇ ਹੇਠ ਫਸੇ ਵਿਅਕਤੀਆਂ ਦੀ ਭਾਲ ਲਈ ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਸਭ ਤੋਂ ਵੱਧ ਨੁਕਸਾਨ ਕਾਸ਼ਿਮਾ ਸ਼ਹਿਰ ਦੇ ਇਓਨ ਮਾਲ ਵਿੱਚ ਹੋਇਆ ਹੈ, ਜਿੱਥੇ ਹਜ਼ਾਰਾਂ ਲੋਕ ਮੌਜੂਦ ਸਨ। ਕੰਪਨੀ ਅਨੁਸਾਰ ਕਰੀਬ 3,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਮਾਲ ਦੇ ਇੱਕ ਹਿੱਸੇ ਵਿੱਚ ਗੈਸ ਧਮਾਕਾ ਹੋਇਆ, ਜਿਸ ਕਾਰਨ ਦੂਜੀ ਮੰਜ਼ਿਲ ਢਹਿ ਗਈ। ਘਟਨਾ ਵੇਲੇ ਉਥੇ ਕੁਝ ਲੋਕ ਕੰਮ ਕਰ ਰਹੇ ਸਨ। ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਤਿੰਨ ਹੋਰ ਲਾਪਤਾ ਹਨ। ਯਾਤਸੁਸ਼ੀਨੋ ਸਥਿਤ ਨਿਪੋਨ ਪੇਪਰ ਇੰਡਸਟਰੀਜ਼ ਦੇ ਕਾਰਖ਼ਾਨੇ ਵਿੱਚ ਚਿਮਨੀ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਸੱਤ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ, ਜਦਕਿ ਚਾਰ ਹੋਰਾਂ ਦੇ ਮਲਬੇ ਹੇਠ ਫਸੇ ਹੋਣ ਦੀ ਸੰਭਾਵਨਾ ਹੈ। ਭੂਚਾਲ ਕਾਰਨ ਲਗਪਗ 34,900 ਘਰਾਂ ਦੀ ਬਿਜਲੀ ਅਤੇ 15,000 ਘਰਾਂ ਦੀ ਪਾਣੀ ਸਪਲਾਈ ਪ੍ਰਭਾਵਿਤ ਹੋਈ ਹੈ। 8,800 ਤੋਂ ਵੱਧ ਵਿਅਕਤੀਆਂ ਨੇ ਘਰਾਂ ਨੂੰ ਛੱਡ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਜਪਾਨ ਦੀ ਸਵੈ-ਰੱਖਿਆ ਫੌਜ, ਐਮਰਜੈਂਸੀ ਟੀਮਾਂ ਅਤੇ ਤਾਇਵਾਨ ਦੀਆਂ ਅੱਗ ਬੁਝਾਊ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਕਿਹਾ ਕਿ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ ਜਾ ਰਿਹਾ ਹੈ। ਬੁਲੇਟ ਟਰੇਨ ਸੇਵਾਵਾਂ ਹਾਲੇ ਵੀ ਬੰਦ ਹਨ, ਜਦਕਿ ਕੁਝ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਜਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ-ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। ਕੁਮਾਮੋਤੋ ਵਿੱਚ 2016 ਵਿੱਚ ਵੀ ਭੂਚਾਲ ਕਾਰਨ 50 ਵਿਅਕਤੀਆਂ ਦੀ ਮੌਤ ਹੋਈ ਸੀ।
Posted inJapan
Japan ’ਚ EarthQuake: ਮ੍ਰਿਤਕਾਂ ਦੀ ਗਿਣਤੀ 18 ਹੋਈ

