America ਵੱਲੋਂ Iran ਦੇ Revolutionary Guards ’ਤੇ Attack

America ਵੱਲੋਂ Iran ਦੇ Revolutionary Guards ’ਤੇ Attack

ਦੁਬਈ : ਜੌਰਡਨ ਵਿੱਚ ਦੋ ਅਮਰੀਕੀ ਫ਼ੌਜੀਆਂ ਦੇ ਮਾਰੇ ਜਾਣ ਮਗਰੋਂ ਅਮਰੀਕੀ ਫ਼ੌਜ ਨੇ ਐਤਵਾਰ ਨੂੰ ਜਵਾਬੀ ਕਾਰਵਾਈ ਵਿੱਚ ਇਰਾਨ ਦੇ ਨੀਮ ਫ਼ੌਜੀ ਰੈਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਵਿੱਚ ਪੁਲਾਂ, ਬਿਜਲਈ ਪਲਾਂਟਾਂ ਤੇ ਹੋਰ ਟਿਕਾਣਿਆਂ ’ਤੇ ਹਮਲੇ ਕੀਤੇ। ਤਹਿਰਾਨ ਨੇ ਮੋੜਵੇਂ ਰੂਪ ਵਿੱਚ ਕੁਵੈਤ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ’ਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਵਿੱਚ ਹਮਲਿਆਂ ਦਾ ਘੇਰਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਧਰ, ਕੁਵੈਤ ਨੇ ਇਰਾਨ ਵੱਲੋਂ ਆਉਂਦੇ ਡਰੋਨਾਂ ਤੇ ਮਿਜ਼ਾਈਲਾਂ ਦੇ ਖ਼ਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ।

ਅਮਰੀਕੀ ਫ਼ੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਇਰਾਨੀ ਫ਼ੌਜ ਦੀ ਸਾਹਿਲੀ ਨਿਗਰਾਨੀ ਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰੱਥਾਵਾਂ ਅਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਕਮਾਂਡ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਰੈਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ’ਚ ਤਾਕਤ ਦਾ ਅਹਿਮ ਕੇਂਦਰ ਹੈ ਅਤੇ ਬੈਲਿਸਟਿਕ ਮਿਜ਼ਾਈਲ ਦੇ ਜ਼ਖ਼ੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫ਼ੌਜ ਵੱਲੋਂ ਜਾਰੀ ਫੁਟੇਜ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਅਤੇ ਸਮੁੰਦਰ ’ਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗ਼ਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।

ਉਧਰ ਇਰਾਨ ਨੇ ਇਨ੍ਹਾਂ ਹਮਲਿਆਂ ’ਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਹਨ। ਇਰਾਨ ਦੇ ਸੁਪਰੀਮ ਆਗੂ ਮੁਜਤਬਾ ਖ਼ਮੇਨੇਈ ਨੇ ਸ਼ਨਿੱਚਰਵਾਰ ਨੂੰ ਧਮਕੀ ਦਿੱਤੀ ਕਿ ਜੇ ਅਮਰੀਕਾ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ‘ਕਦੇ ਵੀ ਨਾ ਭੁੱਲਣ ਵਾਲਾ ਸਬਕ’ ਸਿਖਾਇਆ ਜਾਵੇਗਾ।

ਇਰਾਨ ਵੱਲੋਂ ਲੰਘੇ ਦਿਨ ਜੌਰਡਨ ਵਿੱਚ ਅਮਰੀਕੀ ਬੇਸ ’ਤੇ ਕੀਤੇ ਹਮਲੇ ਵਿੱਚ ਦੋ ਅਮਰੀਕੀ ਫ਼ੌਜੀ ਮਾਰੇ ਗਏ ਸਨ ਜਦੋਂਕਿ ਇਕ ਲਾਪਤਾ ਹੈ ਤੇ ਚਾਰ ਜਣੇ ਹਸਪਤਾਲ ’ਚ ਜ਼ੇਰੇ-ਇਲਾਜ ਹਨ। ਫਰਵਰੀ ਦੇ ਅਖ਼ੀਰ ’ਚ ਸ਼ੁਰੂ ਹੋਈ ਜੰਗ ਦੌਰਾਨ ਹੁਣ ਤੱਕ 16 ਅਮਰੀਕੀ ਫ਼ੌਜੀ ਮੌਤ ਦੇ ਮੂੰਹ ਪਏ ਹਨ ਤੇ 430 ਤੋਂ ਵੱਧ ਜ਼ਖ਼ਮੀ ਹਨ। ਇਰਾਨੀ ਅਹਿਲਕਾਰਾਂ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਅਮਰੀਕਾ ਦੇ ਤਾਜ਼ਾ ਹਮਲਿਆਂ ਵਿੱਚ ਘੱਟੋ ਘੱਟ 50 ਵਿਅਕਤੀ ਮਾਰੇ ਗਏ ਤੇ 500 ਤੋਂ ਵੱਧ ਜ਼ਖ਼ਮੀ ਹਨ।

ਇਸ ਦੌਰਾਨ, ਸੰਯੁਕਤ ਅਰਬ ਅਮੀਰਾਤ ਨੇ ਇਰਾਨ ਨੂੰ ਕਿਸੇ ਵੀ ਹਮਲੇ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਇਰਾਨ ਦੀ ਖ਼ਬਰ ਏਜੰਸੀ ਫਾਰਸ, ਜੋ ਰੈਵੋਲਿਊਸ਼ਨਰੀ ਗਾਰਡ ਦੇ ਨੇੜੇ ਮੰਨੀ ਜਾਂਦੀ ਹੈ, ਨੇ ਸ਼ਨਿੱਚਰਵਾਰ ਨੂੰ ਯੂ ਏ ਈ ਨੂੰ ਧਮਕੀ ਦਿੰਦਿਆਂ ਕਿਹਾ ਕਿ ਇਰਾਨ ਦੇ ਬੁਨਿਆਦੀ ਢਾਂਚੇ ਉੱਤੇ ਹਮਲਿਆਂ ਦਾ ਮਤਲਬ ਹੈ ਕਿ ‘ਦੁਬਈ ਤੇ ਅਬੂ-ਧਾਬੀ ਦੇ ਹਵਾਈ ਅੱਡਿਆਂ ਦੇ ਨਾਲ ਨਾਲ ਫੁਜ਼ੈਰਾਹ ਤੇ ਜੇਬੇਲ ਅਲੀ ਬੰਦਰਗਾਹਾਂ ਨੂੰ ਫ਼ੌਰੀ ਖ਼ਾਲੀ ਕਰਵਾ ਲਿਆ ਜਾਵੇ।’ ਯੂ ਏ ਈ ਨੇ ਇਰਾਨ ਦੀ ਇਸ ਧਮਕੀ ਦੇ ਜਵਾਬ ’ਚ ਕਿਹਾ ਕਿ ਗ਼ੈਰ-ਫ਼ੌਜੀ ਬੁਨਿਆਦੀ ਢਾਂਚੇ ਤੇ ਆਮ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਾ ਕੌਮਾਂਤਰੀ ਕਾਨੂੰਨਾਂ ਦੇ ਸਿਧਾਂਤਾਂ ਤੇ ਵਿਵਸਥਾਵਾਂ ਦੀ ਉਲੰਘਣਾ ਹੋਵੇਗੀ ਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ।

Share: