ਸ੍ਰੀਨਗਰ : ਜੰਮੂ-ਕਸ਼ਮੀਰ ਦੇ ਗਾਂਦਰਬਲ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਅਮਰਨਾਥ ਯਾਤਰੀਆਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਬੱਸ ਮੋੜ ਕੱਟਦਿਆਂ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਗਈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਕੰਗਨ ਇਲਾਕੇ ਦੇ ਹਰੀਗਾਨਵਾਨ ਵਿਖੇ ਵਾਪਰੀ, ਜਿੱਥੇ ਚਾਲਕ ਵੱਲੋਂ ਗੱਡੀ ਤੋਂ ਸੰਤੁਲਨ ਖੋਹਣ ਤੋਂ ਬਾਅਦ ਬੱਸ ਸਿੱਧੀ ਇੱਕ ਘਰ ’ਤੇ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਬੱਸ ਵਿੱਚ ਸਵਾਰ ਕਈ ਅਮਰਨਾਥ ਯਾਤਰੀ ਜ਼ਖ਼ਮੀ ਹੋ ਗਏ ਹਨ। ਰਾਹਤ ਦੀ ਗੱਲ ਇਹ ਰਹੀ ਕਿ ਘਰ ਨਾਲ ਟਕਰਾਉਣ ਕਾਰਨ ਬੱਸ ਹੇਠਾਂ ਵਗਦੀ ਡੂੰਘੀ ‘ਸਿੰਧ ਨਦੀ’ ਵਿੱਚ ਡਿੱਗਣ ਤੋਂ ਬਚ ਗਈ, ਜਿਸ ਨਾਲ ਇੱਕ ਵੱਡੀ ਤ੍ਰਾਸਦੀ ਟਲ ਗਈ। ਹਾਦਸੇ ਸਮੇਂ ਮਕਾਨ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਹਾਲਾਂਕਿ ਮਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਜ਼ਿਆਦਾਤਰ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਸੁਰੱਖਿਆ ਬਲਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

