ਗਰਮੀ ਮਗਰੋਂ ਮੌਸਮ ਹੋਇਆ ਮਿਹਰਬਾਨ

ਗਰਮੀ ਮਗਰੋਂ ਮੌਸਮ ਹੋਇਆ ਮਿਹਰਬਾਨ

ਚੰਡੀਗਡ਼੍ਹ: ਪੰਜਾਬ ਵਿੱਚ ਅੱਜ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਮੀਂਹ ਤੇ ਤੇਜ਼ ਹਵਾਵਾਂ ਕਰ ਕੇ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ’ਚ 5 ਤੋਂ 7 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਅਜਿਹਾ ਹੀ ਖ਼ੁਸ਼ਗਵਾਰ ਬਣਿਆ ਰਹਿ ਸਕਦਾ ਹੈ। ਉਧਰ, ਖੁੱਲ੍ਹੇ ਅਸਮਾਨ ਹੇਠ ਪਈ ਕਣਕ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਈ ਥਾਵਾਂ ਤੋਂ ਕਣਕ ਦੀਆਂ ਬੋਰੀਆਂ ਭਿੱਜਣ ਦੀਆਂ ਖ਼ਬਰਾਂ ਹਨ।

ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਰ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ। ਅੱਜ ਬਠਿੰਡਾ ਹਵਾਈ ਅੱਡਾ ਇਲਾਕਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪਾਰਾ 43 ਤੋਂ 44 ਡਿਗਰੀ ਦੇ ਆਸ-ਪਾਸ ਘੁੰਮ ਰਿਹਾ ਸੀ। ਦੂਜੇ ਪਾਸੇ, ਨਵਾਂ ਸ਼ਹਿਰ ਵਿੱਚ ਸਭ ਤੋਂ ਘੱਟ 30.6 ਡਿਗਰੀ ਤਾਪਮਾਨ ਦਰਜ ਹੋਇਆ। ਮੀਂਹ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਟਿਆਲਾ ਵਿੱਚ 8 ਐੱਮ ਐੱਮ, ਗੁਰਦਾਸਪੁਰ ਵਿੱਚ 7.8 ਐੱਮ ਐੱਮ, ਲੁਧਿਆਣਾ ਵਿੱਚ 4.2 ਐੱਮ ਐੱਮ ਅਤੇ ਮੁਹਾਲੀ ਵਿੱਚ 3 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਜਲੰਧਰ, ਮਾਨਸਾ ਅਤੇ ਸੰਗਰੂਰ ਵਿੱਚ ਵੀ ਰੁਕ-ਰੁਕ ਕੇ ਮੀਂਹ ਪਿਆ। ਵਿਗਿਆਨੀਆਂ ਨੇ 29 ਅਪਰੈਲ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ।

ਬਿਜਲੀ ਵਿਭਾਗ ਨੇ ਸੁੱਖ ਦਾ ਸਾਹ ਲਿਆ

ਮੌਸਮ ਵਿੱਚ ਆਈ ਇਸ ਤਬਦੀਲੀ ਨੇ ਬਿਜਲੀ ਵਿਭਾਗ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਪਿਛਲੇ ਦਿਨਾਂ ਦੌਰਾਨ ਗਰਮੀ ਕਾਰਨ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ। ਜਾਣਕਾਰੀ ਅਨੁਸਾਰ 25 ਅਪਰੈਲ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 25,000 ਮੈਗਾਵਾਟ ਤੋਂ ਪਾਰ ਚਲੀ ਗਈ ਸੀ, ਜੋ ਅੱਜ ਘਟ ਕੇ ਮਹਿਜ਼ 10,265 ਮੈਗਾਵਾਟ ਰਹਿ ਗਈ ਹੈ। ਆਮ ਤੌਰ ’ਤੇ ਇਸ ਸੀਜ਼ਨ ਦੌਰਾਨ ਮੰਗ 9 ਤੋਂ 10 ਹਜ਼ਾਰ ਮੈਗਾਵਾਟ ਦੇ ਵਿਚਕਾਰ ਰਹਿੰਦੀ ਹੈ।

Share: