ਰਾਤ ਭਰ ਮੀਂਹ ਵਰਿ੍ਹਆ; ਦਿਨੇ ਚੱਲੀਆਂ ਸੀਤ ਹਵਾਵਾਂ

ਰਾਤ ਭਰ ਮੀਂਹ ਵਰਿ੍ਹਆ; ਦਿਨੇ ਚੱਲੀਆਂ ਸੀਤ ਹਵਾਵਾਂ

ਨਵੀਂ ਦਿੱਲੀ: ਦਿੱਲੀ ਵਿੱਚ ਪੂਰੀ ਰਾਤ ਹੋਈ ਬਾਰਸ਼ ਕਾਰਨ ਅੱਜ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਇਸ ਮੀਂਹ ਨੇ ਨਾ ਸਿਰਫ਼ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ, ਸਗੋਂ ਪ੍ਰਦੂਸ਼ਣ ਵਿੱਚ ਵੀ ਸੁਧਾਰ ਹੋਇਆ ਹੈ। ਹਵਾ ਦੀ ਗੁਣਵੱਤਾ ਵੀ ਸੁਧਰੀ ਹੈ। ਅੱਜ ਸਵੇਰੇ ਘੱਟੋ-ਘੱਟ ਤਾਪਮਾਨ 16.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਅਪਰੈਲ ਦੇ ਸ਼ੁਰੂਆਤੀ ਦਿਨਾਂ ਲਈ ਗਰਮੀ ਵਿੱਚ ਮਹੱਤਵਪੂਰਨ ਰਾਹਤ ਹੈ। ਸਫਦਰਜੰਗ ਸਥਿਤ ਸ਼ਹਿਰ ਦੇ ਮੁੱਖ ਮੌਸਮ ਨਿਗਰਾਨੀ ਕੇਂਦਰ ਵੱਲੋਂ ਸਵੇਰੇ 8:30 ਵਜੇ ਤੱਕ 24 ਘੰਟਿਆਂ ਦੌਰਾਨ 16.4 ਮਿਲੀਮੀਟਰ ਬਾਰਸ਼ ਦਰਜ ਕੀਤੀ ਹੈ। 4 ਅਪਰੈਲ 2023 ਨੂੰ 16.3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ, ਜਿਸ ਮਗਰੋਂ ਇਸ ਸਾਲ ਏਨੀ ਬਾਰਸ਼ ਦਰਜ ਕੀਤੀ ਗਈ ਹੈ। ਹੋਰ ਨਿਗਰਾਨੀ ਕੇਂਦਰਾਂ ’ਤੇ ਪਾਲਮ ਵਿੱਚ 4.4 ਮਿਲੀਮੀਟਰ, ਲੋਧੀ ਰੋਡ ਵਿੱਚ 5.6 ਮਿਲੀਮੀਟਰ ਅਤੇ ਰਿਜ ਵਿੱਚ 3.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਆਯਾਨਗਰ ਵਿੱਚ 14.3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਹੋਰ ਨਿਗਰਾਨੀ ਕੇਂਦਰਾਂ ਵਿੱਚੋਂ ਸਭ ਤੋਂ ਵੱਧ ਹੈ। ਭਾਰਤ ਮੌਸਮ ਵਿਭਾਗ ਨੇ ਅੱਜ ਪੱਛਮੀ ਗੜਬੜ ਦੇ ਪ੍ਰਭਾਵ ਹੇਠ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਕਾਰਨ ਬੱਦਲ ਛਾਏ ਹੋਏ ਹਨ ਅਤੇ ਮੀਂਹ ਪੈ ਰਿਹਾ ਹੈ। ਵੱਖ-ਵੱਖ ਨਿਗਰਾਨੀ ਕੇਂਦਰਾਂ ’ਤੇ ਘੱਟੋ ਘੱਟ ਤਾਪਮਾਨ ਵੀ ਦਰਜ ਕੀਤਾ ਗਿਆ ਹੈ। ਅੱਜ ਸਵੇਰ ਘੱਟੋ-ਘੱਟ ਤਾਪਮਾਨ 16.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਅਪਰੈਲ ਦੇ ਸ਼ੁਰੂਆਤੀ ਦਿਨਾਂ ਦੇ ਲਿਹਾਜ਼ ਨਾਲ ਕਾਫ਼ੀ ਘੱਟ ਹੈ।

ਸਫਦਰਜੰਗ ਵਿੱਚ ਤਾਪਮਾਨ 3.3 ਡਿਗਰੀ ਘਟ ਕੇ 16.8 ਡਿਗਰੀ ਸੈਲਸੀਅਸ ਹੋ ਗਿਆ। ਪਾਲਮ ਵਿੱਚ 4.1 ਡਿਗਰੀ ਘਟ ਕੇ 15.5 ਡਿਗਰੀ ਸੈਲਸੀਅਸ, ਲੋਧੀ ਰੋਡ ’ਤੇ 2.4 ਡਿਗਰੀ ਘਟ ਕੇ 16.2 ਡਿਗਰੀ ਸੈਲਸੀਅਸ, ਲੋਧੀ ਰੋਡ ’ਤੇ 16.2 ਡਿਗਰੀ ਸੈਲਸੀਅਸ (2.4 ਡਿਗਰੀ ਘੱਟ), ਰਿਜ ਵਿੱਚ 15.3 ਡਿਗਰੀ ਸੈਲਸੀਅਸ (1.9 ਡਿਗਰੀ ਸੈਲਸੀਅਸ ਘੱਟ) ਅਤੇ ਆਯਾਨਗਰ ਵਿੱਚ 16.4 ਡਿਗਰੀ ਸੈਲਸੀਅਸ (1.7 ਡਿਗਰੀ ਘੱਟ) ਦਰਜ ਕੀਤਾ ਗਿਆ। ਮੀਂਹ ਕਾਰਨ ਪ੍ਰਦੂਸ਼ਣ ਦੇ ਕਣਾਂ ਦੇ ਬੈਠ ਜਾਣ ਨਾਲ ਦਿੱਲੀ ਦੀ ਹਵਾ ਸਾਫ਼ ਹੋ ਗਈ ਹੈ। ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ ਕਿਊ ਆਈ) 82 ਦਰਜ ਕੀਤਾ ਗਿਆ, ਜੋ ਕਿ ‘ਸੰਤੋਸ਼ਜਨਕ’ ਸ਼੍ਰੇਣੀ ਵਿੱਚ ਆਉਂਦਾ ਹੈ।

ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ

ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸੇ ਤਰ੍ਹਾਂ ਅਨਾਜ ਮੰਡੀ ਵਿੱਚ ਵਿਕਣ ਲਈ ਆਈ ਕਣਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੰਡੀਆਂ ਵਿੱਚ ਪਈ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਆੜ੍ਹਤੀਆਂ ਤੇ ਵਪਾਰੀਆਂ ਨੂੰ ਤਰਪਾਲਾਂ ਦਾ ਸਹਾਰਾ ਲੈਣਾ ਪਿਆ। ਕਿਸਾਨਾਂ ਦੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਵਾਢੀ ਲਈ ਤਿਆਰ ਹੈ, ਪਰ ਅਚਾਨਕ ਮੌਸਮ ਵਿੱਚ ਆਈ ਤਬਦੀਲੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਮੀਂਹ ਕਾਰਨ ਖੇਤਾਂ ਵਿੱਚ ਨਮੀ ਵਧ ਗਈ ਹੈ, ਜਿਸ ਨਾਲ ਕਣਕ ਦੀ ਵਾਢੀ ਪੱਛੜ ਗਈ ਹੈ। ਕਈ ਥਾਵਾਂ ’ਤੇ ਤੇਜ਼ ਹਵਾਵਾਂ ਕਾਰਨ ਪੱਕੀ ਹੋਈ ਫ਼ਸਲ ਖੇਤਾਂ ਵਿੱਚ ਵਿੱਛ ਗਈ ਹੈ, ਜਿਸ ਦੀ ਕੰਬਾਈਨ ਨਾਲ ਵਾਢੀ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ। ਇਸ ਨਾਲ ਉਤਪਾਦਨ (ਝਾੜ) ਉੱਤੇ ਵੀ ਮਾਰੂ ਅਸਰ ਪੈਣ ਦਾ ਖ਼ਦਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵਾਢੀ ਵਿੱਚ ਦੇਰੀ ਹੋਣ ਕਾਰਨ ਮਜ਼ਦੂਰੀ ਅਤੇ ਮਸ਼ੀਨਰੀ ਦੀ ਲਾਗਤ ਵਧ ਰਹੀ ਹੈ। ਦੂਜੇ ਪਾਸੇ, ਨਮੀ ਕਾਰਨ ਕਣਕ ਦੇ ਦਾਣੇ ਕਾਲੇ ਹੋਣ ਜਾਂ ਪੁੰਗਰਨ ਦਾ ਖ਼ਤਰਾ ਵੀ ਵਧ ਗਿਆ ਹੈ, ਜੋ ਮੰਡੀਆਂ ਵਿੱਚ ਫ਼ਸਲ ਦਾ ਸਹੀ ਮੁੱਲ ਮਿਲਣ ਵਿੱਚ ਵੱਡੀ ਅੜਚਨ ਬਣ ਸਕਦਾ ਹੈ। ਇਲਾਕੇ ਦੇ ਕਿਸਾਨਾਂ ਕ੍ਰਿਸ਼ਨਾ ਗੂਹਨ, ਚਰਨ ਸਿੰਘ, ਬਖ਼ਤਾਵਰ ਸਿੰਘ ਭੈਣੀ ਅਤੇ ਨਿਰਮਲ ਸਿੰਘ ਰਾਮਸ਼ਰਨ ਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰ ਚੰਗੀ ਫ਼ਸਲ ਦੀ ਉਮੀਦ ਸੀ, ਪਰ ਹੁਣ ਨੁਕਸਾਨ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੌਸਮ ਜਲਦੀ ਸਾਫ਼ ਨਾ ਹੋਇਆ ਤਾਂ ਫ਼ਸਲਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ; ਮੰਡੀਆਂ ਵਿੱਚ ਫ਼ਸਲ ਦੀ ਆਮਦ ਅਤੇ ਖ਼ਰੀਦ ਪ੍ਰਕਿਰਿਆ ਵੀ ਪ੍ਰਭਾਵਿਤ ਹੋਵੇਗੀ। ਖੇਤੀਬਾੜੀ ਮਾਹਿਰਾਂ ਅਨੁਸਾਰ, ਇਸ ਪੜਾਅ ’ਤੇ ਮੀਂਹ ਪੈਣਾ ਕਣਕ ਲਈ ਬਹੁਤ ਨੁਕਸਾਨਦੇਹ ਹੈ ਕਿਉਂਕਿ ਇਹ ਅਨਾਜ ਦੀ ਗੁਣਵੱਤਾ ਅਤੇ ਭਾਰ ਦੋਵਾਂ ਨੂੰ ਘਟਾਉਂਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਆਈ ਫ਼ਸਲ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ।

Share: