US-Iran-Israel War: ਜੇ ਸੱਤ ਅਪਰੈਲ ਤਕ Strait of Hormuz ਨਾ ਖੋਲ੍ਹਿਆ ਤਾਂ ਇਰਾਨ ਨੂੰ ਨਰਕ ਬਣਾ ਦੇਵਾਂਗੇ: ਟਰੰਪ

US-Iran-Israel War: ਜੇ ਸੱਤ ਅਪਰੈਲ ਤਕ Strait of Hormuz ਨਾ ਖੋਲ੍ਹਿਆ ਤਾਂ ਇਰਾਨ ਨੂੰ ਨਰਕ ਬਣਾ ਦੇਵਾਂਗੇ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਨਵੀਂ ਚਿਤਾਵਨੀ ਦਿੱਤੀ ਹੈ ਕਿ ਜੇਕਰ ‘ਹੋਰਮੁਜ਼ ਜਲ ਮਾਰਗ’ ਦਾ ਰਸਤਾ ਮੁੜ ਨਾ ਖੋਲ੍ਹਿਆ ਗਿਆ ਤਾਂ ਅਮਰੀਕਾ ਮੰਗਲਵਾਰ ਨੂੰ ਇਰਾਨ ‘ਤੇ ਵੱਡੀ ਫੌਜੀ ਕਾਰਵਾਈ ਕਰੇਗਾ। ਏਪੀ ਦੀ ਰਿਪੋਰਟ ਮੁਤਾਬਕ ਟਰੰਪ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਤੇਲ ਦੀ ਸਪਲਾਈ ਲਈ ਬਹੁਤ ਜ਼ਰੂਰੀ ਇਸ ਰਸਤੇ ਨੂੰ ਬੰਦ ਰੱਖਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਹੋਵੇਗਾ। ਟਰੰਪ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਅਮਰੀਕੀ ਫੌਜ ਇਰਾਨ ਦੇ ਬਿਜਲੀ ਘਰਾਂ ਅਤੇ ਖਾਸ ਪੁਲਾਂ ‘ਤੇ ਹਮਲੇ ਕਰੇਗੀ। ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਕਾਰਨ ਤਣਾਅ ਲਗਾਤਾਰ ਵਧ ਰਿਹਾ ਹੈ। ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਦੇ ਪ੍ਰਮੁੱਖ ਪੈਟਰੋਕੈਮੀਕਲ ਪਲਾਂਟ ‘ਤੇ ਹਮਲੇ ਤੋਂ ਬਾਅਦ ਉੱਥੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਉੱਧਰ ਦੱਖਣ-ਪੱਛਮੀ ਇਰਾਨ ਵਿੱਚ ਹੋਏ ਤਾਜ਼ਾ ਹਵਾਈ ਹਮਲਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਉਸੇ ਇਲਾਕੇ ਵਿੱਚ ਹੋਇਆ ਹੈ ਜਿੱਥੇ ਇੱਕ ਅਮਰੀਕੀ ਚਾਲਕ ਦਲ ਦਾ ਮੈਂਬਰ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇਰਾਨੀ ਜਨਰਲ ਅਲੀ ਅਬਦੁੱਲਾਹੀ ਅਲੀਆਬਾਦੀ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਹਮਲੇ ਤੇਜ਼ ਕੀਤੇ, ਤਾਂ ਇਰਾਨ ਖੇਤਰ ਵਿੱਚ ਮੌਜੂਦ ਸਾਰੇ ਅਮਰੀਕੀ ਫੌਜੀ ਟਿਕਾਣਿਆਂ ਅਤੇ ਇਜ਼ਰਾਈਲ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਏਗਾ। ਇਹ ਬਿਆਨ ਡੋਨਲਡ ਟਰੰਪ ਦੀ ਉਸ ਧਮਕੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਇਰਾਨ ਨੂੰ ‘ਹੋਰਮੁਜ਼ ਜਲਮਾਰਗ’ (Strait of Hormuz) ਖੋਲ੍ਹਣ ਲਈ 48 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ‘ਭਿਆਨਕ ਨਤੀਜੇ’ ਭੁਗਤਣ ਲਈ ਤਿਆਰ ਰਹਿਣ ਨੂੰ ਕਿਹਾ ਸੀ।ਜੰਗ ਦੀ ਮਾਰ ਹੁਣ ਵਿੱਦਿਅਕ ਅਤੇ ਧਾਰਮਿਕ ਅਦਾਰਿਆਂ ’ਤੇ ਵੀ ਪੈ ਰਹੀ ਹੈ। ਇਰਾਨੀ ਅਧਿਕਾਰੀਆਂ ਅਨੁਸਾਰ, ਜੰਗ ਸ਼ੁਰੂ ਹੋਣ ਤੋਂ ਹੁਣ ਤੱਕ 5 ਪ੍ਰੋਫੈਸਰ ਅਤੇ 60 ਵਿਦਿਆਰਥੀ ਮਾਰੇ ਜਾ ਚੁੱਕੇ ਹਨ। ਤਹਿਰਾਨ ਦੀ ਵੱਕਾਰੀ ਸ਼ਾਹਿਦ ਬੇਹੇਸ਼ਤੀ ਯੂਨੀਵਰਸਿਟੀ ਦੇ ਖੋਜ ਕੇਂਦਰ ’ਤੇ ਹੋਈ ਬੰਬਾਰੀ ਨੇ ਵਿਗਿਆਨਕ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ, ਜ਼ੰਜਾਨ ਵਿੱਚ ਇੱਕ ਸਦੀਆਂ ਪੁਰਾਣੇ ਸ਼ੀਆ ਧਾਰਮਿਕ ਕੰਪਲੈਕਸ ਅਤੇ ਲਾਇਬਰੇਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ 35,000 ਤੋਂ ਵੱਧ ਪੁਰਾਣੀਆਂ ਹੱਥ-ਲਿਖਤ ਕਿਤਾਬਾਂ ਮੌਜੂਦ ਸਨ। 28 ਫਰਵਰੀ ਤੋਂ ਜਾਰੀ ਇਸ ਖੂਨੀ ਜੰਗ ਨੇ ਨਾ ਸਿਰਫ ਹਜ਼ਾਰਾਂ ਜਾਨਾਂ ਲਈਆਂ ਹਨ, ਸਗੋਂ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਨੂੰ ਵੀ ਅੱਗ ਲਗਾ ਦਿੱਤੀ ਹੈ।

Share: