ਸੰਗਰੂਰ ਨੂੰ ਮਿਲਿਆ ਵਿਰਾਸਤੀ ਤੋਹਫ਼ਾ: ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਜ਼ਿਲ੍ਹਾ ਮਿਊਜ਼ੀਅਮ ਲੋਕਾਂ ਨੂੰ ਕੀਤਾ ਸਮਰਪਿਤ

ਸੰਗਰੂਰ ਨੂੰ ਮਿਲਿਆ ਵਿਰਾਸਤੀ ਤੋਹਫ਼ਾ: ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਜ਼ਿਲ੍ਹਾ ਮਿਊਜ਼ੀਅਮ ਲੋਕਾਂ ਨੂੰ ਕੀਤਾ ਸਮਰਪਿਤ

ਸੰਗਰੂਰ: ਲੰਬੇ ਸਮੇਂ ਦੀ ਉਡੀਕ ਅਤੇ ਅਣਗਹਿਲੀ ਤੋਂ ਬਾਅਦ, ਪੰਜਾਬ ਸਰਕਾਰ ਨੇ ਸੰਗਰੂਰ ਦੇ ਇਤਿਹਾਸਕ ਜ਼ਿਲ੍ਹਾ ਮਿਊਜ਼ੀਅਮ ਦੀ ਕਾਇਆ-ਕਲਪ ਕਰਕੇ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ। ਸੰਗਰੂਰ ਦੇ ਦਿਲ ਬਨਾਸਰ ਬਾਗ ਵਿੱਚ ਸਥਿਤ ਇਸ ਅਜਾਇਬ ਘਰ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਮੁਗ਼ਲ ਅਤੇ ਰਾਜਸਥਾਨੀ ਆਰਕੀਟੈਕਚਰ ਦੇ ਸੁਮੇਲ ਵਾਲੀ ਇਸ ਇਮਾਰਤ ਨੂੰ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਬੜੀ ਬਾਰੀਕੀ ਨਾਲ ਸਵਾਰਿਆ ਗਿਆ ਹੈ। ਮੀਤ ਹੇਅਰ ਨੇ ਇਸ ਮੌਕੇ ਕਿਹਾ ਕਿ ਇਹ ਮਿਊਜ਼ੀਅਮ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਪੰਜਾਬ ਦੇ ਸ਼ਾਹੀ ਵਿਰਸੇ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ, ਜਿੱਥੇ ਇਰਾਨੀ ਕਾਰੀਗਰਾਂ ਦੁਆਰਾ ਛੱਤਾਂ ’ਤੇ ਕੀਤਾ ਗਿਆ ਸੋਨੇ ਦਾ ਕੰਮ ਅਤੇ ਭਾਈ ਰਾਮ ਸਿੰਘ ਦੁਆਰਾ ਤਿਆਰ ਕੀਤੀ ਗਈ ਲੱਕੜ ਦੀ ਨੱਕਾਸ਼ੀ ਅੱਜ ਵੀ ਸੈਲਾਨੀਆਂ ਨੂੰ ਹੈਰਾਨ ਕਰ ਦਿੰਦੀ ਹੈ।

ਇਸ ਅਜਾਇਬ ਘਰ ਵਿੱਚ ਜੀਂਦ ਰਿਆਸਤ ਦੇ ਸ਼ਾਸਕਾਂ ਨਾਲ ਸਬੰਧਤ ਬੇਹੱਦ ਕੀਮਤੀ ਅਤੇ ਦੁਰਲੱਭ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਸੈਲਾਨੀ ਇੱਥੇ ਮਹਾਰਾਜਾ ਗਜਪਤ ਸਿੰਘ, ਮਹਾਰਾਜਾ ਭਾਗ ਸਿੰਘ ਅਤੇ ਮਹਾਰਾਜਾ ਸੰਗਤ ਸਿੰਘ ਦੇ ਨਿੱਜੀ ਹਥਿਆਰਾਂ ਸਮੇਤ ਪੁਰਾਤਨ ਪਿਸਤੌਲ, ਸੋਨੇ ਦੀ ਕਿਰਪਾਨ, ਪ੍ਰਾਚੀਨ ਸਿੱਕੇ ਅਤੇ ਸ੍ਰੀਮਦ ਭਾਗਵਤ ਪੁਰਾਣ ਦੀ ਹੱਥ ਲਿਖਤ ਕਾਪੀ ਦੇ ਦਰਸ਼ਨ ਕਰ ਸਕਣਗੇ। ਦੱਸਣਯੋਗ ਹੈ ਕਿ ਇਸ ਇਮਾਰਤ ਦੀ ਨੀਂਹ 1870 ਵਿੱਚ ਮਹਾਰਾਜਾ ਰਘਬੀਰ ਸਿੰਘ ਨੇ ਰੱਖੀ ਸੀ ਅਤੇ ਇਹ ਲੰਬਾ ਸਮਾਂ ਜੀਂਦ ਰਿਆਸਤ ਦੇ ‘ਦਰਬਾਰ ਹਾਲ’ ਵਜੋਂ ਵਰਤੀ ਜਾਂਦੀ ਰਹੀ। ਉਦਘਾਟਨੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਅਤੇ ਖੋਜਕਰਤਾ ਰਾਜੀਵ ਜਿੰਦਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੇ ਸ਼ਹਿਰ ਦੇ ਇਸ ਇਤਿਹਾਸਕ ਸਰਮਾਏ ਨੂੰ ਸਾਂਭਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Share: