ਚੰਡੀਗਡ਼੍ਹ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਪੰਜਾਹ ਫ਼ੀਸਦੀ ਮੁਕੰਮਲ ਹੋ ਗਿਆ ਹੈ। ਮੁੱਢਲੇ ਅਨੁਮਾਨਾਂ ਵਿੱਚ ਕਣਕ ਦਾ ਝਾੜ ਘਟਿਆ ਹੈ। ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਦੀ ਪੈਦਾਵਾਰ ਨੂੰ ਸੱਟ ਮਾਰੀ ਹੈ। ਖੇਤੀ ਮਹਿਕਮੇ ਮੁਤਾਬਕ ਪਿਛਲੇ ਸਾਲ ਨਾਲੋਂ ਪ੍ਰਤੀ ਏਕੜ ਇੱਕ ਕੁਇੰਟਲ ਕਣਕ ਦਾ ਔਸਤ ਝਾੜ ਘਟਿਆ ਹੈ। ਕਿਸਾਨ ਹਾਲਾਂਕਿ ਪ੍ਰਤੀ ਏਕੜ ਡੇਢ ਤੋਂ ਦੋ ਕੁਇੰਟਲ ਦਾ ਨੁਕਸਾਨ ਦੱਸ ਰਹੇ ਹਨ। ਕੇਂਦਰ ਸਰਕਾਰ ਵੱਲੋਂ ਖ਼ਰੀਦ ਮਾਪਦੰਡਾਂ ’ਚ ਛੋਟ ਦੇਣ ਨਾਲ ਖ਼ਰੀਦ ਨੇ ਰਫ਼ਤਾਰ ਫੜੀ ਹੈ ਪਰ ਕਣਕ ਦੇ ਘਟੇ ਝਾੜ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਛੇ ਤੋਂ ਸੱਤ ਹਜ਼ਾਰ ਰੁਪਏ ਤੱਕ ਦਾ ਵਿੱਤੀ ਨੁਕਸਾਨ ਹੋਇਆ ਹੈ।
ਐਤਕੀਂ ਕਰੀਬ 35 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਂਦ ਸੀ ਅਤੇ ਪੰਜਾਬ ਸਰਕਾਰ ਨੇ 122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ। ਹੁਣ ਤੱਕ ਪੰਜਾਬ ’ਚ 48 ਫ਼ੀਸਦੀ ਵਾਢੀ ਹੋ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਤੱਕ 25 ਫ਼ੀਸਦੀ ਹੀ ਵਾਢੀ ਹੋਈ ਸੀ। ਮਾਨਸਾ ਜ਼ਿਲ੍ਹੇ ’ਚ 93 ਫ਼ੀਸਦੀ, ਸੰਗਰੂਰ ਜ਼ਿਲ੍ਹੇ ’ਚ 89 ਫ਼ੀਸਦੀ, ਮੁਕਤਸਰ ਜ਼ਿਲ੍ਹੇ ’ਚ 82 ਫ਼ੀਸਦੀ ਅਤੇ ਬਰਨਾਲਾ ਜ਼ਿਲ੍ਹੇ ’ਚ 80 ਫ਼ੀਸਦੀ ਵਾਢੀ ਹੋ ਚੁੱਕੀ ਹੈ। ਫ਼ਾਜ਼ਿਲਕਾ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਕਣਕ ਦੀ ਵਾਢੀ ਦਸ ਫ਼ੀਸਦੀ ਤੋਂ ਵੀ ਘੱਟ ਹੋਈ ਹੈ।
ਖੇਮਕਰਨ ਦੇ ਕਿਸਾਨ ਸੁਰਜੀਤ ਸਿੰਘ ਨੇ ਕਿਹਾ ਕਿ ਬਾਰਿਸ਼ਾਂ ਕਾਰਨ ਕਈ ਖ਼ਿੱਤਿਆਂ ’ਚ ਵਾਢੀ ਕਾਫ਼ੀ ਸੁਸਤ ਹੈ ਪਰ ਝਾੜ ਹਾਲੇ ਬਹੁਤਾ ਪ੍ਰਭਾਵਿਤ ਨਹੀਂ ਹੋਇਆ। ਮਾਝੇ ’ਚ ਵਾਢੀ ਕਾਫ਼ੀ ਲੇਟ ਹੈ। ਮਾਰਚ ਮਹੀਨੇ ਦੇ ਅਖੀਰ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਦੀ ਬਾਰਿਸ਼ ਅਤੇ ਗੜੇਮਾਰੀ ਨੇ ਜ਼ਿਲ੍ਹਾ ਫ਼ਾਜ਼ਿਲਕਾ ’ਚ ਕਰੀਬ 5.39 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਘਟਾ ਦਿੱਤਾ ਹੈ; ਜ਼ਿਲ੍ਹਾ ਮੁਕਤਸਰ ’ਚ ਪੰਜ ਕੁਇੰਟਲ ਪ੍ਰਤੀ ਹੈਕਟੇਅਰ ਝਾੜ ਘਟਿਆ ਹੈ। ਸਮੁੱਚੇ ਪੰਜਾਬ ਦੀ ਔਸਤ ਦੇਖੀਏ ਤਾਂ ਮੁੱਢਲੇ ਅਨੁਮਾਨਾਂ ’ਚ 20.42 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ ਜੋ ਪਿਛਲੇ ਸਾਲ 21.52 ਕੁਇੰਟਲ ਪ੍ਰਤੀ ਏਕੜ ਸੀ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿਲਿਆਂ ਵਾਲੀ ਦੇ ਕਿਸਾਨ ਮੋਹਨ ਸਿੰਘ ਜਾਖੜ ਨੇ ਕਿਹਾ ਕਿ ਅਗੇਤੀਆਂ ਕਣਕਾਂ ਦੇ ਝਾੜ ’ਤੇ ਵੱਧ ਅਸਰ ਪਿਆ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਝੁਨੀਰ ਖੇਤਰ ’ਚ ਕਈ ਪਿੰਡਾਂ ਵਿੱਚ ਝਾੜ ਘਟਿਆ ਹੈ। ਭੀਖੀ ਖੇਤਰ ਦੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਝਾੜ ਘਟਿਆ ਹੈ ਪਰ ਇਸ ਵੇਲੇ 50 ਮਣ ਤੋਂ ਉਪਰ ਝਾੜ ਨਿਕਲ ਰਿਹਾ ਹੈ। ਉਧਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਮੁਤਾਬਕ ਬੇਮੌਸਮੀ ਬਾਰਿਸ਼ ਕਾਰਨ ਦਾਣਾ ਸੁੰਗੜਨ ਕਰ ਕੇ ਝਾੜ ’ਤੇ ਅਸਰ ਪਿਆ ਹੈ। ਬਠਿੰਡਾ ਜ਼ਿਲ੍ਹੇ ’ਚ ਪ੍ਰਤੀ ਹੈਕਟੇਅਰ ਪੰਜ ਕੁਇੰਟਲ ਅਤੇ ਮੋਗਾ ਜ਼ਿਲ੍ਹੇ ’ਚ ਪ੍ਰਤੀ ਹੈਕਟੇਅਰ ਤਿੰਨ ਕੁਇੰਟਲ ਝਾੜ ਘਟਿਆ ਹੈ।

