ਖ਼ਰੀਦ ਮਾਪਦੰਡ: ਰਾਜਸਥਾਨ ਨੂੰ ਛੋਟ, ਪੰਜਾਬ ਬਾਰੇ ਚੁੱਪ

ਖ਼ਰੀਦ ਮਾਪਦੰਡ: ਰਾਜਸਥਾਨ ਨੂੰ ਛੋਟ, ਪੰਜਾਬ ਬਾਰੇ ਚੁੱਪ

ਚੰਡੀਗਡ਼੍ਹ: ਕੇਂਦਰ ਸਰਕਾਰ ਨੇ ਮੀਂਹ ਤੇ ਤੇਜ਼ ਹਵਾਵਾਂ ਨਾਲ ਹੋਏ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਚਾਲੂ ਸੀਜ਼ਨ 2026-27 ਦੌਰਾਨ ਗੁਆਂਢੀ ਸੂਬੇ ਰਾਜਸਥਾਨ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਦੇ ਦਿੱਤੀ ਹੈ ਪਰ ਪੰਜਾਬ ਲਈ ਖ਼ਰੀਦ ਮਾਪਦੰਡਾਂ ’ਚ ਢਿੱਲ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਮੁੱਢਲੇ ਅਨੁਮਾਨਾਂ ਅਨੁਸਾਰ ਪੰਜਾਬ ’ਚ ਹੁਣ ਤੱਕ 1.30 ਲੱਖ ਏਕੜ ਕਣਕ ਦਾ ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਵੀ ਹੁਣ ਕੇਂਦਰ ਤੋਂ ਕਣਕ ਦੇ ਖ਼ਰੀਦ ਪੈਮਾਨਿਆਂ ’ਚ ਛੋਟ ਮੰਗੀ ਹੈ।

ਕੇਂਦਰੀ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ 9 ਅਪਰੈਲ ਨੂੰ ਪੱਤਰ ਜਾਰੀ ਕਰ ਕੇ ਭਾਜਪਾ ਸ਼ਾਸਿਤ ਰਾਜਸਥਾਨ ਵਿੱਚ ਕਣਕ ਖ਼ਰੀਦਣ ਲਈ ਪੈਮਾਨਿਆਂ ਵਿੱਚ ਢਿੱਲ ਦਿੱਤੀ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਰਾਜਸਥਾਨ ’ਚ ਸਾਰੇ ਜ਼ਿਲ੍ਹਿਆਂ ’ਚ ਖ਼ਰਾਬ ਮੌਸਮ ਕਾਰਨ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ ਜਿਸ ਦੇ ਮੱਦੇਨਜ਼ਰ ਖ਼ਰੀਦ ਮਾਪਦੰਡਾਂ ’ਚ ਢਿੱਲ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਕਿ ਕਿਸਾਨਾਂ ਦੀ ਫ਼ਸਲ ਨੂੰ ਘੱਟ ਕੀਮਤ ’ਤੇ ਵਿਕਣ ਤੋਂ ਰੋਕਿਆ ਜਾ ਸਕੇ। ਕੇਂਦਰ ਸਰਕਾਰ ਦੀ ਦਲੀਲ ਹੈ ਕਿ ਰਾਜਸਥਾਨ ’ਚ ਕਣਕ ਦੀ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਕੇਂਦਰੀ ਟੀਮਾਂ ਰਾਜਸਥਾਨ ਦਾ ਦੌਰਾ ਕਰ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਚੁੱਕੀਆਂ ਹਨ; ਪੰਜਾਬ ’ਚ ਕਣਕ ਗੁਆਂਢੀ ਸੂਬੇ ਮੁਕਾਬਲੇ ਲੇਟ ਆਉਂਦੀ ਹੈ। ਇਸੇ ਦੌਰਾਨ ਖੇਤੀ ਵਿਭਾਗ ਪੰਜਾਬ ਦੇ ਸਕੱਤਰ ਨੇ ਕੇਂਦਰੀ ਖ਼ੁਰਾਕ ਮੰਤਰਾਲੇ ਦੇ ਸਕੱਤਰ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਮਾਰਚ ਦੇ ਅਖ਼ੀਰਲੇ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ’ਚ ਭਾਰਤੀ ਖ਼ੁਰਾਕ ਨਿਗਮ ਨਾਲ ਮਿਲ ਕੇ ਕਣਕ ਦੇ ਲਏ ਨਮੂਨਿਆਂ ਦਾ ਹਵਾਲਾ ਵੀ ਦਿੱਤਾ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਕਣਕ ਦੀ ਖ਼ਰੀਦ ਦੇ ਪੈਮਾਨਿਆਂ ’ਚ ਢਿੱਲ ਦਿੱਤੀ ਜਾਵੇ।

ਪੰਜਾਬ ਨਾਲ ਕੇਂਦਰ ਦਾ ਵਿਤਕਰਾ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰਾਜਸਥਾਨ ਨੂੰ ਮਿਲੀ ਛੋਟ ’ਤੇ ਟਿੱਪਣੀ ਕਰਦਿਆਂ ਕਿ ਰਾਜਸਥਾਨ ’ਚ ਭਾਜਪਾ ਦੀ ਸਰਕਾਰ ਹੈ ਅਤੇ ਪੰਜਾਬ ਨਾਲ ਕੇਂਦਰ ਹਮੇਸ਼ਾ ਵਿਤਕਰਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਕੇਂਦਰ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਢਿੱਲ ਦੇਣ ਲਈ ਪੱਤਰ ਲਿਖਿਆ ਹੈ ਕਿਉਂਕਿ ਕੁਦਰਤੀ ਮਾਰ ਪੈਣ ਕਾਰਨ ਫ਼ਸਲ ਦੀ ਗੁਣਵੱਤਾ ਨੂੰ ਢਾਹ ਲੱਗੀ ਹੈ ਅਤੇ ਕੇਂਦਰੀ ਖ਼ਰੀਦ ਮਾਪਦੰਡਾਂ ’ਤੇ ਨੁਕਸਾਨੀ ਫ਼ਸਲ ਪੂਰੀ ਨਹੀਂ ਉਤਰਨੀ।

Share: