ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲਿਆਂ ਦੀ ਪ੍ਰਵਾਨਗੀ ਦਰ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਰਾਇਟਰਜ਼/ਇਪਸੋਸ ਵੱਲੋਂ ਕਰਵਾਏ ਤਾਜ਼ਾ ਸਰਵੇਖਣ ਅਨੁਸਾਰ ਸਿਰਫ 36 ਫ਼ੀਸਦੀ ਅਮਰੀਕੀ ਹੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ ਹਨ। ਇਰਾਨ ਨਾਲ ਚੱਲ ਰਹੀ ਜੰਗ ਅਤੇ ਪੋਪ ਲਿਓ ਨਾਲ ਪੈਦਾ ਹੋਏ ਵਿਵਾਦ ਕਾਰਨ ਅਮਰੀਕੀ ਨਾਗਰਿਕ ਰਾਸ਼ਟਰਪਤੀ ਦੇ ਵਤੀਰੇ ’ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਜ਼ਿਕਰਯੋਗ ਹੈ ਕਿ ਜਨਵਰੀ 2025 ਵਿੱਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਕੰਮਕਾਜ ਦੀ ਪ੍ਰਵਾਨਗੀ ਦਰ 47 ਫ਼ੀਸਦੀ ਸੀ, ਜੋ ਹੁਣ ਤੇਜ਼ੀ ਨਾਲ ਘਟੀ ਹੈ। ਇਹ ਸਰਵੇਖਣ ਦੇਸ਼ ਭਰ ਦੇ 4,557 ਬਾਲਗਾਂ ਦੀ ਰਾਏ ’ਤੇ ਆਧਾਰਿਤ ਹੈ। ਇਰਾਨ ਖ਼ਿਲਾਫ਼ ਵਿੱਢੀ ਜੰਗ ਕਾਰਨ ਅਮਰੀਕਾ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਪੁੱਜ ਗਈਆਂ ਹਨ, ਜਿਸ ਨੇ ਟਰੰਪ ਪ੍ਰਸ਼ਾਸਨ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਰਵੇਖਣ ਮੁਤਾਬਕ ਸਿਰਫ਼ 26 ਫ਼ੀਸਦੀ ਲੋਕ ਹੀ ਮਹਿੰਗਾਈ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਤੋਂ ਖ਼ੁਸ਼ ਹਨ। ਇਸੇ ਤਰ੍ਹਾਂ ਸਿਰਫ਼ 36 ਫ਼ੀਸਦੀ ਅਮਰੀਕੀ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਦੇ ਪੱਖ ਵਿੱਚ ਹਨ। ਜ਼ਿਆਦਾਤਰ ਨਾਗਰਿਕ ਇਸ ਫ਼ੌਜੀ ਕਾਰਵਾਈ ਨੂੰ ਆਰਥਿਕ ਪੱਖੋਂ ਨੁਕਸਾਨਦੇਹ ਮੰਨ ਰਹੇ ਹਨ।
79 ਸਾਲਾ ਰਾਸ਼ਟਰਪਤੀ ਦੇ ਗੁੱਸੇ ਵਾਲੇ ਸੁਭਾਅ ਅਤੇ ਮਾਨਸਿਕ ਸਥਿਤੀ ਬਾਰੇ ਵੀ ਗੰਭੀਰ ਚਿੰਤਾਵਾਂ ਜਤਾਈਆਂ ਗਈਆਂ ਹਨ। ਤਕਰੀਬਨ 51 ਫ਼ੀਸਦੀ ਅਮਰੀਕੀਆਂ ਦਾ ਮੰਨਣਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਟਰੰਪ ਦੀ ਮਾਨਸਿਕ ਚੁਸਤੀ ਘਟੀ ਹੈ। ਸਿਰਫ 26 ਫ਼ੀਸਦੀ ਲੋਕ ਹੀ ਉਨ੍ਹਾਂ ਨੂੰ ਸ਼ਾਂਤ ਸੁਭਾਅ ਵਾਲਾ ਆਗੂ ਮੰਨਦੇ ਹਨ। ਉਨ੍ਹਾਂ ਦੇ ਰਿਪਬਲਿਕਨ ਸਮਰਥਕ ਵੀ ਇਸ ਮੁੱਦੇ ’ਤੇ ਵੰਡੇ ਹੋਏ ਹਨ। ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਇਰਾਨ ਦੀ ਸਭਿਅਤਾ ਨੂੰ ਮਿਟਾਉਣ ਦੀਆਂ ਧਮਕੀਆਂ ਅਤੇ ਪੋਪ ਲਿਓ ਖ਼ਿਲਾਫ਼ ਕੀਤੀ ਗਈ ਟਿੱਪਣੀ ਨੇ ਲੋਕਾਂ ਦੇ ਮਨਾਂ ਵਿੱਚ ਮਾੜਾ ਪ੍ਰਭਾਵ ਪਾਇਆ ਹੈ।
ਸੱਤਾ ਦੀ ਦੁਰਵਰਤੋਂ ਦੇ ਦੋਸ਼ ਹੇਠ ਟਰੰਪ ਕੈਬਨਿਟ ’ਚੋਂ ਇਕ ਹੋਰ ਮੰਤਰੀ ਬਾਹਰ
ਵਾਸ਼ਿੰਗਟਨ: ਅਮਰੀਕਾ ਦੀ ਕਿਰਤ ਮੰਤਰੀ ਲੌਰੀ ਸ਼ਾਵੇਜ-ਡੀਰੀਮਰ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਬਨਿਟ ਵਿੱਚੋਂ ਬਾਹਰ ਹੋ ਗਈ ਹੈ। ਵ੍ਹਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ’ਤੇ ਆਪਣੇ ਤਾਕਤਵਰ ਅਹੁਦੇ ਦੀ ਦੁਰਵਰਤੋਂ ਦੇ ਕਈ ਦੋਸ਼ ਲੱਗੇ ਹਨ। ਵੇਰਵਿਆਂ ਮੁਤਾਬਕ ਲੌਰੀ ਉਤੇ ਆਪਣੇ ਅਧੀਨ ਮੁਲਾਜ਼ਮ ਨਾਲ ਪ੍ਰੇਮ ਸਬੰਧ ਰੱਖਣ ਅਤੇ ਕੰਮਕਾਜ ਦੌਰਾਨ ਸ਼ਰਾਬ ਪੀਣ ਦੇ ਦੋਸ਼ ਹਨ। ਸ਼ਾਵੇਜ-ਡੀਰੀਮਰ ਟਰੰਪ ਕੈਬਨਿਟ ਦੀ ਤੀਜੀ ਅਜਿਹੀ ਮੈਂਬਰ ਹੈ ਜਿਸ ਨੂੰ ਆਪਣਾ ਅਹੁਦਾ ਛੱਡਣਾ ਪਿਆ ਹੈ। ਇਸ ਤੋਂ ਪਹਿਲਾਂ ਟਰੰਪ ਆਪਣੀ ਵਿਵਾਦਾਂ ’ਚ ਘਿਰੀ ਗ੍ਰਹਿ ਸੁਰੱਖਿਆ ਬਾਰੇ ਮੰਤਰੀ ਕ੍ਰਿਸਟੀ ਨੋਇਮ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਚੁੱਕੇ ਹਨ ਅਤੇ ਇਸ ਮਹੀਨੇ ਦੇ ਸ਼ੁਰੂ ’ਚ ਰਾਸ਼ਟਰਪਤੀ ਨੇ ਅਟਾਰਨੀ ਜਨਰਲ ਪਾਮ ਬੌਂਡੀ ਨੂੰ ਅਹੁਦੇ ਤੋਂ ਲਾਹ ਦਿੱਤਾ ਸੀ; ਹਾਲਾਂਕਿ ਇਨ੍ਹਾਂ ਤੋਂ ਉਲਟ ਸ਼ਾਵੇਜ-ਡੀਰੀਮਰ ਦੇ ਕੈਬਨਿਟ ਵਿਚੋਂ ਬਾਹਰ ਹੋਣ ਦਾ ਐਲਾਨ ਵ੍ਹਾਈਟ ਹਾਊਸ ਨੇ ਕੀਤਾ ਹੈ ਜਦਕਿ ਕ੍ਰਿਸਟੀ ਤੇ ਬੌਂਡੀ ਬਾਰੇ ਜਾਣਕਾਰੀ ਰਾਸ਼ਟਰਪਤੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਉਤੇ ਦਿੱਤੀ ਸੀ।

