ਨਵੀਂ ਦਿੱਲੀ: ਸਰਕਾਰ ਨੇ ਕਿਹਾ ਹੈ ਕਿ ਅਫ਼ਵਾਹਾਂ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਘਬਰਾਹਟ ਵਿੱਚ ਖਰੀਦਦਾਰੀ ਸ਼ੁਰੂ ਹੋ ਗਈ ਹੈ ਜਿਸ ਨਾਲ ਮੰਗ ਵਿੱਚ ਅਸਧਾਰਨ ਵਾਧਾ ਹੋਇਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਲੋੜਾਂ ਪੂਰੀਆਂ ਕਰਨ ਲਈ ਤੇਲ ਦਾ ਲੋੜੀਂਦੀ ਭੰਡਾਰ ਮੌਜੂਦ ਹੈ। ਆਂਧਰਾ ਪ੍ਰਦੇਸ਼ ਦੀਆਂ ਰਿਪੋਰਟਾਂ ਅਨੁਸਾਰ ਕੀਮਤਾਂ ਵਿੱਚ ਤੁਰੰਤ ਵਾਧੇ ਦੀਆਂ ਅਫ਼ਵਾਹਾਂ ਕਾਰਨ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਵੱਡੀ ਮਾਤਰਾ ਵਿੱਚ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਬੀਤੇ ਦਿਨ 400 ਤੋਂ ਵੱਧ ਪੈਟਰੋਲ ਪੰਪ ਖਾਲੀ ਹੋ ਗਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ‘‘ਅਸੀਂ ਕੁਝ ਖੇਤਰਾਂ ਵਿੱਚ ਅਸਧਾਰਨ ਵਾਧਾ ਦੇਖਿਆ ਹੈ। ਡੀਜ਼ਲ ਵਰਗੇ ਈਂਧਨ ਦੀ ਮੰਗ ਵਿੱਚ 30-33 ਫੀਸਦ ਤੱਕ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ ਕੁਝ ਥਾਵਾਂ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।’’ ਉਨ੍ਹਾਂ ਕਿਹਾ, ‘‘ਤੇਲ ਕੰਪਨੀਆਂ ਇਸ ਸਮੱਸਿਆ ਦਾ ਹੱਲ ਕਰ ਰਹੀਆਂ ਹਨ। ਤੇਲ ਦੀ ਮੌਜੂਦਗੀ ਦਾ ਕੋਈ ਮੁੱਦਾ ਨਹੀਂ ਹੈ। ਸਾਡੇ ਕੋਲ ਲੋੜੀਂਦਾ ਭੰਡਾਰ ਹੈ।’’ ਅਫ਼ਵਾਹਾਂ ਕਾਰਨ ਕੁਝ ਥਾਵਾਂ ’ਤੇ ਜ਼ਿਆਦਾ ਖਰੀਦਦਾਰੀ ਦੇ ਬਾਵਜੂਦ, ਸਰਕਾਰੀ ਤੇਲ ਕੰਪਨੀਆਂ ਆਪਣੇ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦਾ ਲੋੜੀਂਦਾ ਭੰਡਾਰ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਸਰਕਾਰੀ ਪੰਪ ਆਮ ਵਾਂਗ ਕੰਮ ਕਰ ਰਹੇ ਹਨ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੈਟਰੋਲ, ਡੀਜ਼ਲ ਅਤੇ ਐੱਲ ਪੀ ਜੀ ਦੀ ਘਬਰਾਹਟ ਵਿੱਚ ਖਰੀਦਦਾਰੀ ਨਾ ਕਰਨ, ਕਿਉਂਕਿ ਸਰਕਾਰ ਇਨ੍ਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।’’
Posted inNew Delhi
ਅਫਵਾਹਾਂ ਕਾਰਨ ਪੈਟਰੋਲ-ਡੀਜ਼ਲ ਦੀ ਵਿਕਰੀ ਵਧੀ

