ਬੇਅਦਬੀ ਖ਼ਿਲਾਫ਼ ਕਾਨੂੰਨ ਬਾਰੇ ਪੰਥਕ ਇਕੱਤਰਤਾ ਅੱਜ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਨੂੰਨ ਸਬੰਧੀ ਵਿਚਾਰ ਕਰਨ ਵਾਸਤੇ ਭਲਕੇ 6 ਅਪਰੈਲ ਨੂੰ ਪੰਥਕ ਇਕੱਤਰਤਾ ਸੱਦੀ ਹੈ। ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਵੇਰੇ 11 ਵਜੇ ਹੋਵੇਗੀ। ਇਕੱਤਰਤਾ ਵਿੱਚ ਸਮੂਹ ਜਥੇਬੰਦੀਆਂ ਦੇ ਆਗੂਆਂ ਨੂੰ ਪਹੁੰਚਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਮੁੱਚੀ ਕੌਮ ਲਈ ਬੇਹੱਦ ਅਹਿਮ ਤੇ ਸੰਜੀਦਾ ਮਾਮਲਾ ਹੈ ਜਿਸ ਪ੍ਰਤੀ ਸਮੁੱਚੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਕਰ ਕੇ ਸਾਂਝੀ ਪੰਥਕ ਰਾਇ ਕਾਇਮ ਕਰਨੀ ਜ਼ਰੂਰੀ ਹੈ। ਇਕੱਤਰਤਾ ਲਈ ਨਿਹੰਗ ਸਿੰਘ ਦਲਾਂ, ਦਮਦਮੀ ਟਕਸਾਲ, ਸਿੱਖ ਸੰਸਥਾਵਾਂ, ਸਿੱਖ ਵਿਦਵਾਨਾਂ, ਸਿੱਖ ਜੱਜਾਂ ਤੇ ਵਕੀਲਾਂ, ਸਿੱਖ ਮਿਸ਼ਨਰੀ ਕਾਲਜਾਂ, ਸਿੰਘ ਸਭਾਵਾਂ, ਸਿੱਖ ਫੈਡਰੇਸ਼ਨਾਂ, ਸਿੱਖ ਸੰਪਰਦਾਵਾਂ ਦੇ ਮੁਖੀਆਂ ਆਦਿ ਨੂੰ ਸੱਦਾ ਪੱਤਰ ਭੇਜੇ ਗਏ ਹਨ।

Share: