ਵਿਰੋਧੀ ਧਿਰਾਂ ਨੇ 1300 ਕਰੋੜ ਦਾ ਹੋਰ ਕਰਜ਼ਾ ਚੁੱਕਣ ’ਤੇ ਸਰਕਾਰ ਨੂੰ ਘੇਰਿਆ

ਚੰਡੀਗਡ਼੍ਹ: ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਚੁੱਕੇ 1300 ਕਰੋੜ ਰੁਪਏ ਦੇ ਨਵੇਂ ਕਰਜ਼ੇ ਕਾਰਨ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ 20 ਦਿਨਾਂ ਵਿੱਚ 2800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕਿਆ ਹੈ। ਇਸ ਨਾਲ ਪੰਜਾਬ ਸਿਰ ਕਰਜ਼ਾ ਚਾਰ ਲੱਖ ਕਰੋੜ ਰੁਪਏ ਤੋਂ ਟੱਪ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਿਰ ਚੜ੍ਹਿਆ ਕਰਜ਼ਾ ਉਤਾਰਨ ਦੇ ਵਾਅਦੇ ਕਰਨ ਵਾਲਿਆਂ ਦੇ ਰਾਜ ਵਿੱਚ ਕਰਜ਼ਾ ਚਾਰ ਲੱਖ ਕਰੋੜ ਤੋਂ ਪਾਰ ਹੋ ਗਿਆ ਹੈ, ਜਿਸ ਰਫ਼ਤਾਰ ਨਾਲ ਕਰਜ਼ਾ ਵੱਧ ਰਿਹਾ ਹੈ। ਇਹ ਜਲਦ ਹੀ ਪੰਜ ਲੱਖ ਕਰੋੜ ਦੇ ਨਜ਼ਦੀਕ ਪਹੁੰਚ ਜਾਵੇਗਾ। ਮੁਲਾਜ਼ਮਾਂ ਨੂੰ ਡੀ ਏ ਦਾ ਭੁਗਤਾਨ ਕਰਨ ਸਮੇਂ ਸੂਬਾ ਸਰਕਾਰ ਕੋਲ ਪੈਸੇ ਨਹੀਂ ਹਨ, ਪਰ ਸਿਆਸੀ ਰੈਲੀਆਂ ਤੇ ਵਿਦੇਸ਼ੀ ਦੌਰਿਆਂ ਸਮੇਂ ਖਜ਼ਾਨਾ ਭਰ ਜਾਂਦਾ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਫੰਡਾਂ ਦੀ ਦੁਰਵਰਤੋਂ ਤੇ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

ਪੰਜਾਬ ਦੇ ਵਿੱਤੀ ਹਾਲਾਤ ਚਿੰਤਾਜਨਕ: ਬਾਜਵਾ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਾਤ ਚਿੰਤਾਜਨਕ ਹੋ ਗਏ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਪੈਸਾ ਕਰਜ਼ਾ ਨਾ ਲੈਣ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਮੌਜੂਦਾ ਸਮੇਂ ਰੋਜ਼ਾਨਾ ਕਰੋੜਾਂ ਰੁਪਏ ਦੇ ਕਰਜ਼ੇ ਲਏ ਜਾ ਰਹੇ ਹਨ। ਇਸ ਨਾਲ ਪੰਜਾਬੀਆਂ ਸਿਰ ਕਰਜ਼ੇ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਲੋਕ ਅਗਲੀ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਮੋੜਵਾਂ ਜਵਾਬ ਦੇਣਗੇ।

ਰੋਜ਼ਾਨਾ 140 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ ਸਰਕਾਰ: ਭਾਜਪਾ

ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਦਿਨਾਂ ਵਿੱਚ 2800 ਕਰੋੜ ਰੁਪਏ ਦਾ ਕਰਜ਼ਾ ਚੁੱਕ ਗਿਆ। ਇਸ ਤਰ੍ਹਾਂ ਸੂਬਾ ਸਰਕਾਰ ਹਰ ਰੋਜ਼ 140 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ। ਸੂਬਾ ਸਰਕਾਰ ਵੱਲੋਂ ਇਹ ਪੈਸਾ ਪੰਜਾਬ ਦੇ ਵਿਕਾਸ ਲਈ ਨਹੀਂ, ਬਲਕਿ ਸਿਰਫ਼ ਘੁੰਮਣ-ਫਿਰਨ, ਜਹਾਜ਼ਾਂ ਦਾ ਖ਼ਰਚਾ, ਸਕਿਉਰਿਟੀ ਦਾ ਖ਼ਰਚਾ, ਪੰਜ ਤਾਰਾ ਹੋਟਲਾਂ ਦੇ ਬਿੱਲ, ਕੋਠੀਆਂ ਦਾ ਰੱਖ-ਰਖਾਅ, ਫਲੈਕਸ ਹੋਰਡਿੰਗ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਖਰਚ ਕੀਤਾ ਜਾ ਰਿਹਾ। ਪੰਜਾਬ ਦਾ ਕਰਜ਼ਾ ਲਗਪਗ ਪੰਜ ਲੱਖ ਕਰੋੜ ਹੋਣ ਵਾਲਾ ਹੈ।

Share: