Aam Aadmi Party:ਸੱਤ ਰਾਜ ਸਭਾ ਮੈਂਬਰਾਂ ਨੇ ‘ਆਪ’ ਛੱਡੀ

Aam Aadmi Party:ਸੱਤ ਰਾਜ ਸਭਾ ਮੈਂਬਰਾਂ ਨੇ ‘ਆਪ’ ਛੱਡੀ

ਚੰਡੀਗਡ਼੍ਹ: ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਵੱਡਾ ਸਿਆਸੀ ਝਟਕਾ ਲੱਗਾ ਹੈ। ‘ਆਪ’ ਦੇ ਕੁੱਲ ਦਸ ਰਾਜ ਸਭਾ ਮੈਂਬਰਾਂ ’ਚੋਂ ਸੱਤ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਰੀਬੀ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਤੋਂ ਇਲਾਵਾ ਐੱਮ ਪੀ ਅਸ਼ੋਕ ਮਿੱਤਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ‘ਆਪ’ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ ਤੇ ਭਾਜਪਾ ’ਚ ਸ਼ਾਮਲ ਹੋ ਗਏ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਦਫ਼ਤਰ ’ਚ ਇਨ੍ਹਾਂ ਤਿੰਨਾਂ ਦਾ ਮੂੰਹ ਮਿੱਠਾ ਕਰਾ ਕੇ ਭਾਜਪਾ ’ਚ ਸ਼ਮੂਲੀਅਤ ਕਰਵਾਈ। ਸੂਬਾਈ ਚੋਣਾਂ ਤੋਂ ਪਹਿਲਾਂ ਸੱਤ ਸੰਸਦ ਮੈਂਬਰਾਂ ਦਾ ਭਗਵਾ ਪਾਲੇ ’ਚ ਜਾਣਾ ਪੰਜਾਬ ਦੀ ‘ਆਪ’ ਸਰਕਾਰ ਲਈ ਸ਼ੁਭ ਸੰਕੇਤ ਨਹੀਂ ਹੈ। ‘ਆਪ’ ਨੇ ਸੰਸਦ ਮੈਂਬਰਾਂ ਦੀ ਇਸ ਕਾਰਵਾਈ ਨੂੰ ਪੰਜਾਬ ਨਾਲ ਦਗ਼ਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਰਾਤ ਹੀ ਵਿਦੇਸ਼ ਤੋਂ ਪਰਤੇ ਹਨ।

ਰਾਘਵ ਚੱਢਾ ਨੇ ਅੱਜ ਦਿੱਲੀ ਵਿੱਚ ਕਿਹਾ ਕਿ ਰਾਜ ਸਭਾ ਵਿੱਚ ‘ਆਪ’ ਦੇ ਦੋ ਤਿਹਾਈ ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਅਤੇ ਦਸਤਾਵੇਜ਼ ਅੱਜ ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪ ਦਿੱਤੇ ਗਏ ਹਨ। ਇਸ ਪੱਤਰ ’ਤੇ ਉਨ੍ਹਾਂ ਤੋਂ ਇਲਾਵਾ ਸੰਸਦ ਮੈਂਬਰ ਸੰਦੀਪ ਪਾਠਕ, ਹਰਭਜਨ ਸਿੰਘ, ਅਸ਼ੋਕ ਮਿੱਤਲ, ਰਜਿੰਦਰ ਗੁਪਤਾ, ਵਿਕਰਮ ਸਾਹਨੀ ਅਤੇ ਸਵਾਤੀ ਮਾਲੀਵਾਲ ਦੇ ਦਸਤਖ਼ਤ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੱਤ ਸੰਸਦ ਮੈਂਬਰਾਂ ਨੇ ਭਾਰਤੀ ਸੰਵਿਧਾਨ ਦੇ ਉਪਬੰਧਾਂ ਦੀ ਵਰਤੋਂ ਕਰਦੇ ਹੋਏ ਭਾਜਪਾ ’ਚ ਰਲੇਵਾਂ ਕਰ ਲਿਆ ਹੈ। ਚੇਤੇ ਰਹੇ ਕਿ ਜੇਕਰ ਕਿਸੇ ਪਾਰਟੀ ਦੇ ਦੋ ਤਿਹਾਈ ਮੈਂਬਰ ਇਕੱਠੇ ਹੋ ਕੇ ਕਿਸੇ ਹੋਰ ਪਾਰਟੀ ’ਚ ਰਲੇਵਾਂ ਕਰਦੇ ਹਨ ਤਾਂ ਭਾਰਤੀ ਸੰਵਿਧਾਨ ਦੀ ਦਸਵੀਂ ਅਨੁਸੂਚੀ ਤਹਿਤ ਦਲ ਬਦਲੀ ਵਿਰੋਧੀ ਅਯੋਗਤਾ ਤੋਂ ਛੋਟ ਮਿਲ ਜਾਂਦੀ ਹੈ। ਪੰਜਾਬ ’ਚੋਂ ਰਾਜ ਸਭਾ ’ਚ ਜਾਣ ਲਈ ਐਨ ਨਾਮਜ਼ਦਗੀ ਮੌਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਹਰਭਜਨ ਸਿੰਘ, ਅਸ਼ੋਕ ਮਿੱਤਲ, ਰਜਿੰਦਰ ਗੁਪਤਾ ਅਤੇ ਵਿਕਰਮ ਸਾਹਨੀ ਨੇ ਪਾਰਟੀ ਛੱਡ ਦਿੱਤੀ ਹੈ।

ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਲੰਘੇ ਦਿਨੀਂ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਪੰਜਾਬ ਹਰਿਆਣਾ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਰਾਘਵ ਚੱਢਾ ਕੋਲ ਦਿੱਲੀ ਜਲ ਬੋਰਡ ਦੀ ਜ਼ਿੰਮੇਵਾਰੀ ਰਹੀ ਹੈ ਜਿਸ ਦੀ ਹੁਣ ਜਾਂਚ ਚੱਲ ਰਹੀ ਸੀ। ਰਾਘਵ ਚੱਢਾ ਦੀ ਥਾਂ ਰਾਜ ਸਭਾ ’ਚ ਡਿਪਟੀ ਲੀਡਰ ਦੇ ਅਹੁਦੇ ’ਤੇ ਬਿਠਾਏ ਅਸ਼ੋਕ ਮਿੱਤਲ ਨੇ ਵੀ ਭਾਜਪਾ ਦਾ ਪੱਲਾ ਫੜਿਆ ਹੈ। ਪੰਜਾਬ ’ਚੋਂ ‘ਆਪ’ ਦੇ ਸੱਤ ਸੰਸਦ ਮੈਂਬਰਾਂ ’ਚੋਂ ਸਿਰਫ਼ ਇੱਕ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੀ ਪਾਰਟੀ ਕੋਲ ਬਚੇ ਹਨ।

ਆਮ ਆਦਮੀ ਪਾਰਟੀ ਨੂੰ ਅੱਜ ਸਵੇਰੇ ਜਦੋਂ ਭਾਜਪਾਈ ਚਾਲ ਦੀ ਭਿਣਕ ਪਈ ਤਾਂ ‘ਆਪ’ ਆਗੂਆਂ ਨੇ ਫ਼ੌਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ‘ਅਪਰੇਸ਼ਨ ਲੋਟਸ’ ਕਰਾਰ ਦਿੱਤਾ।

ਰਾਘਵ ਚੱਢਾ ਨੇ ਸੰਸਦ ਮੈਂਬਰ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨਾਲ ਸਾਂਝੀ ਕਾਨਫਰੰਸ ਕਰ ਕੇ ਭਾਜਪਾ ਵਿੱਚ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੇ ਅਪਰਾਧਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸਨ ਜਿਸ ਕਰ ਕੇ ਉਨ੍ਹਾਂ ਖ਼ੁਦ ਨੂੰ ਪਾਰਟੀ ਤੋਂ ਦੂਰ ਕਰ ਲਿਆ। ਉਸ ਨੇ ਆਪਣੀ ਜਵਾਨੀ ਦੇ 15 ਸਾਲ ਪਾਰਟੀ ਨੂੰ ਦਿੱਤੇ, ਪਰ ਹੁਣ ਪਾਰਟੀ ਕੌਮੀ ਹਿੱਤਾਂ ਤੋਂ ਭਟਕ ਕੇ ਨਿੱਜੀ ਹਿੱਤਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਗ਼ਲਤ ਪਾਰਟੀ ’ਚ ਸਹੀ ਆਦਮੀ ਹਾਂ।’’

ਸੰਸਦ ਮੈਂਬਰ ਸੰਜੈ ਸਿੰਘ ਨੇ ਦਿੱਲੀ ਵਿੱਚ ਕਿਹਾ ਕਿ ‘ਅਪਰੇਸ਼ਨ ਲੋਟਸ’ ਦੀ ਸਫਲਤਾ ਲਈ ਭਾਜਪਾ ਫੈਡਰਲ ਸੰਸਥਾਵਾਂ ਦੀ ਵਰਤੋਂ ਕਰ ਰਹੀ ਹੈ। ਉਧਰ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਫੈਡਰਲ ਏਜੰਸੀਆਂ ਦੀ ਦੁਰਵਰਤੋਂ ਨਾਲ ਦਲ ਬਦਲੀ ਕਰਵਾ ਕੇ ‘ਆਪ’ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਘਵ ਚੱਢਾ ਨੂੰ ਮੋਹਰੇ ਵਜੋਂ ਵਰਤਿਆ ਜਾ ਰਿਹਾ ਹੈ। ‘ਆਪ’ ਦੇ ਸੰਸਦ ਮੈਂਬਰਾਂ ’ਤੇ ਈ ਡੀ ਦੇ ਝੂਠੇ ਛਾਪਿਆਂ ਅਤੇ ਡਰਾਉਣ-ਧਮਕਾਉਣ ਦੀਆਂ ਚਾਲਾਂ ਰਾਹੀਂ ਦਬਾਅ ਪਾਇਆ ਗਿਆ।

‘ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਭਾਜਪਾ ਪੂਰੇ ਦੇਸ਼ ਵਿੱਚ ਜਮਹੂਰੀਅਤ ਦਾ ਗਲਾ ਘੁੱਟਣ ਦਾ ਮਾਡਲ ਅਪਣਾ ਰਹੀ ਹੈ ਅਤੇ ਭਾਜਪਾ ਆਪਣੀ ਹਾਰ ਦੇ ਡਰੋਂ ਵਿਰੋਧੀ ਆਗੂਆਂ ਨੂੰ ਈ ਡੀ ਅਤੇ ਸੀ ਬੀ ਆਈ ਰਾਹੀਂ ਡਰਾਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈਂਦੀ ਹੈ। ਪੰਜਾਬ ਉਹ ਕੌਮ ਹੈ ਜੋ ਸੁੱਕੇ ਪੱਤੇ ਖਾ ਕੇ ਵੀ ਜੰਗ ਲੜਨਾ ਜਾਣਦੀ ਹੈ, ਪਰ ਝੁਕਣਾ ਨਹੀਂ।

ਭਾਜਪਾ ਨੇ ਪੰਜਾਬ ਨਾਲ ਮੁੜ ਦਗ਼ਾ ਕੀਤਾ: ਕੇਜਰੀਵਾਲ

ਨਵੀਂ ਦਿੱਲੀ: ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਮੁੜ ਪੰਜਾਬ ਦੇ ਲੋਕਾਂ ਨਾਲ ਦਗ਼ਾ ਕਮਾਇਆ ਹੈ। ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਭਾਜਪਾ ਨੇ ਇਕ ਵਾਰ ਫਿਰ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ।’’

‘ਆਪ’ ਸਹੀ ਰਾਹ ’ਤੇ ਚੱਲਦੀ ਤਾਂ ਆਗੂ ਪਾਰਟੀ ਨਾ ਛੱਡਦੇ: ਹਜ਼ਾਰੇ

ਮੁੰਬਈ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਕਿ ਜੇ ‘ਆਪ’ ਸਹੀ ਰਸਤੇ ’ਤੇ ਚੱਲ ਰਹੀ ਹੁੰਦੀ ਤਾਂ ਰਾਘਵ ਚੱਢਾ ਅਤੇ ਰਾਜ ਸਭਾ ਦੇ ਛੇ ਹੋਰ ਮੈਂਬਰਾਂ ਨੇ ਪਾਰਟੀ ਨਹੀਂ ਸੀ ਛੱਡਣੀ। ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਜ਼ਾਰੇ ਨੇ ਕਿਹਾ, ‘‘ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਰਾਇ ਰੱਖਣ ਦਾ ਅਧਿਕਾਰ ਹੈ। ਚੱਢਾ ਅਤੇ ਹੋਰਾਂ ਨੂੰ ਜ਼ਰੂਰ ਕੋਈ ਮੁਸ਼ਕਲ ਪੇਸ਼ ਆਈ ਹੋਵੇਗੀ ਜਿਸ ਕਾਰਨ ਉਨ੍ਹਾਂ ਨੇ ਪਾਰਟੀ ਛੱਡੀ ਹੈ।’’ -ਪੀਟੀਆਈ

ਪੰਜਾਬ ਦੀ ਸਿਆਸਤ ’ਚ ਵੱਡੀ ਤਬਦੀਲੀ ਹੋਣ ਵਾਲੀ ਹੈ: ਅਸ਼ਵਨੀ ਕੁਮਾਰ

ਨਵੀਂ ਦਿੱਲੀ(ਟਨਸ): ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 10 ਵਿੱਚੋਂ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਹੋਣ ਵਾਲੀ ਹੈ। ਭਗਵੰਤ ਮਾਨ ਸਰਕਾਰ ਨੂੰ ਭਾਵੇਂ ਫਿਲਹਾਲ ਕੋਈ ਤਤਕਾਲੀ ਖ਼ਤਰਾ ਨਹੀਂ ਹੈ, ਪਰ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਜਾਣਾ ਭਗਵਾ ਪਾਰਟੀ ਲਈ ਮਨੋਬਲ ਵਧਾਉਣ ਵਾਲਾ ਕਦਮ ਹੈ। ਕੁਮਾਰ ਅਨੁਸਾਰ, ਭਾਜਪਾ ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਰਾਘਵ ਚੱਢਾ ਅਤੇ ਸਿੱਖ ਕਿਸਾਨੀ ਵਰਗ ਲਈ ਰਵਨੀਤ ਬਿੱਟੂ ਨੂੰ ਆਪਣੇ ਨਵੇਂ ਲੀਡਰਸ਼ਿਪ ਚਿਹਰਿਆਂ ਵਜੋਂ ਪੇਸ਼ ਕਰ ਸਕਦੀ ਹੈ।

‘ਆਪ’ ਭ੍ਰਿਸ਼ਟਾਚਾਰ ਦਾ ਅੱਡਾ ਬਣੀ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਪੂਰੀ ਤਰ੍ਹਾਂ ਖਿੰਡ’ ਗਈ ਹੈ ਤੇ ‘ਭ੍ਰਿਸ਼ਟਾਚਾਰ ਦਾ ਅੱਡਾ’ ਬਣ ਕੇ ਰਹਿ ਗਈ ਹੈ। ਭਾਜਪਾ ਦੇ ਕੌਮੀ ਤਰਜਮਾਨ ਪ੍ਰਦੀਪ ਭੰਡਾਰੀ ਨੇ ਕਿਹਾ, ‘‘ਕੋਈ ਵੀ ਭ੍ਰਿਸ਼ਟ ਆਪ ’ਤੇ ਯਕੀਨ ਨਹੀਂ ਕਰਦਾ। ਜਿਹੜੀ ਪਾਰਟੀ ਇਹ ਦਾਅਵਾ ਕਰਦੀ ਨਹੀਂ ਥੱਕਦੀ ਸੀ ਕਿ ਉਹ ਹੋਰਨਾਂ ਨਾਲੋਂ ਵੱਖ ਹੈ, ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ।’’ ਭਾਜਪਾ ਦੇ ਆਈ ਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ, ‘‘ਆਮ ਆਦਮੀ ਪੂਰੀ ਤਰ੍ਹਾਂ ਖਿੰਡ ਗਈ ਹੈ, ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ।’’

Share: