ਦੁੱਧ ਨਾਲੋਂ ਮਹਿੰਗੇ ਭਾਅ ਵਿਕ ਰਹੀ ‘ਕਾੜ੍ਹਨੀ ਦੀ ਲੱਸੀ’

ਦੁੱਧ ਨਾਲੋਂ ਮਹਿੰਗੇ ਭਾਅ ਵਿਕ ਰਹੀ ‘ਕਾੜ੍ਹਨੀ ਦੀ ਲੱਸੀ’

ਮੋਗਾ: ਪੰਜਾਬ ’ਚ ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਤੇ ਕਾੜ੍ਹਨੀ ਦੀ ਲੱਸੀ ਦੀ ਮਹੱਤਤਾ ਹਰ ਕੋਈ ਜਾਣਦਾ ਹੈ। ਪੰਜਾਬੀ ਖਾਣੇ ਦਾ ਅਨਿੱਖੜਵਾਂ ਅੰਗ ਕਾੜ੍ਹਨੀ ਦੀ ਲੱਸੀ ਦਾ ਲੁਤਫ਼ ਲੋਪ ਹੋ ਗਿਆ ਸੀ ਪਰ ਕੁਝ ਲੋਕ ਹੁਣ ਇਸ ਨੂੰ ਸਹਾਇਕ ਧੰਦਾ ਬਣਾ ਰਹੇ ਹਨ।

ਬੀ ਕੇ ਯੂ (ਧੂੰਦਾਂ) ਕੌਮੀ ਪ੍ਰਧਾਨ ਅਵਤਾਰ ਸਿੰਘ ਧੂੰਦਾਂ ਨੇ ਸਥਾਨਕ ਨੇਚਰ ਪਾਰਕ, ਜੁਡੀਸ਼ਲ ਕੋਰਟ ਤੇ ਜ਼ਿਲ੍ਹਾ ਸਕੱਤਰੇਤ ਵਿੱਚ ਸਟਾਲ ਲਾ ਕੇ ਕਾੜ੍ਹਨੀ ਦੀ ਲੱਸੀ ਵੇਚਣ ਦਾ ਸਹਾਇਕ ਧੰਦਾ ਸ਼ੁਰੂ ਕੀਤਾ ਹੈ। ਦੁੱਧ ਤੋਂ ਵੱਧ ਮਹਿੰਗੇ ਭਾਅ ਕਾੜ੍ਹਨੀ ਦੀ ਲੱਸੀ ਵਿਕ ਰਹੀ ਹੈ। ਕਾੜ੍ਹਨੀ ਦੀ ਲੱਸੀ ਕਰੀਬ 5 ਦਹਾਕੇ ਪਹਿਲਾਂ ਸੁਆਣੀਆਂ ਸਵੇਰ ਮੱਝਾਂ ਦੁੱਧ ਨੂੰ ਮਿੱਟੀ ਦੇ ਭਾਂਡੇ ਕਾੜ੍ਹਨੀ ਵਿਚ ਹਾਰੇ ਵਿਚ ਪਾਥੀਆਂ ਦੀ ਅੱਗ ਨਾਲ ਕਾੜਿਆ ਜਾਂਦਾ ਸੀ ਜਦੋਂ ਦੁੱਧ ਕੜ੍ਹ-ਕੜ੍ਹ ਕੇ ਹਲਕੇ ਲਾਲ ਰੰਗ ਦਾ ਹੋ ਜਾਂਦਾ ਸੀ ਅਤੇ ਉਸ ਉਪਰ ਮੋਟੀ ਪਰਤ ਕੜ੍ਹੀ ਹੋਈ ਮਲਾਈ ਦੀ ਚੜ੍ਹ ਜਾਂਦੀ ਸੀ। ਇਸ ਵਿਚ ਕੱਚਾ ਦੁੱਧ ਮਿਲਾ ਕੇ ਰਿੜਕਣੇ ਦੇ ਮੂੰਹ ਨੂੰ ਬੰਨ੍ਹ ਕੇ ਰਾਤ ਨੂੰ ਰੱਖਿਆ ਜਾਂਦਾ ਸੀ। ਸਵੇਰੇ ਔਰਤਾਂ ਹੱਥਾਂ ਨਾਲ ਮਧਾਣੀ ਨਾਲ ਦੁੱਧ ਰਿੜਕਦੀਆਂ ਅਤੇ ਮੱਖਣ ਕੱਢ ਲਿਆ ਜਾਂਦਾ ਸੀ। ਕਿਸਾਨ ਆਗੂ ਧੂੰਦਾਂ ਨੇ ਕਿਹਾ ਕਿ ਪੁਰਾਣੇ ਸਮੇਂ ਲੋਕ ਦੁੱਧ ਨੂੰ ਵੇਚਣਾ, ਪੁੱਤਰ ਵੇਚਣ ਦੇ ਬਰਾਬਰ ਸਮਝਦੇ ਸਨ, ਪਰ ਅਪਣੀ ਆਮਦਨ ਦੇ ਸਰੋਤ ਵਧਾਉਣ ਲਈ ਦੁੱਧ ਵੇਚਣ ਲੱਗ ਪਏ। ਕਾੜ੍ਹਨੀਆਂ ਖੂੰਜੇ ਲਾ ਕੇ ਰੱਖ ਦਿਤੀਆਂ ਗਈਆਂ ਹਨ। ਦੁੱਧ ਕਾੜ੍ਹਨ ਦੇ ਬਾਲਣ ਲਈ ਪਿੰਡਾਂ ਦੇ ਬਾਹਰ ਪਾਥੀਆਂ ਦੇ ਗੁਹਾਰੇ ਨਜ਼ਰ ਆਉਂਦੇ ਸਨ ਪਰ ਹੁਣ ਬਹੁਤ ਘੱਟ ਹਨ।

ਹੁਣ ਕਾੜ੍ਹਨੀ ਦੀ ਲੱਸੀ ਵੀ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ। ਹੁਣ ਮਸ਼ੀਨ ਨਾਲ ਰਿੜਕ ਕੇ ਉਸ ਦੀ ਲੱਸੀ ਬਣਾਉਣ ਲੱਗ ਪਏ ਹਨ। ਲੱਸੀ ਦੀ ਹੋਂਦ ਨੂੰ ਲਗਪਗ ਖ਼ਤਮ ਹੋਣ ਕਿਨਾਰੇ ਖੜ੍ਹੀ ਵੇਖਦੇ ਹਾਂ ਪਸ਼ੂਆਂ ਦੀ ਖੁਰਾਕ ਮਹਿੰਗੀ ਹੋ ਰਹੀ ਪਰ ਸਾਡੀਆਂ ਫ਼ਸਲਾਂ ਦੇ ਮੁਲ ਨਾਮਾਤਰ ਵਧੇ ਹਨ। ਪਹਿਲਾਂ ਕਾੜ੍ਹਨੀ ਦੀ ਲੱਸੀ ਲਈ ਪੁਰਸ਼-ਔਰਤਾਂ ਡੰਗਰ-ਪਸ਼ੂ ਸਾਂਭਦੇ ਸਨ ਪਰ ਅੱਜ ਬਿਲਕੁਲ ਉਲਟ, ਸ਼ਾਇਦ ਇਹੀ ਕਾਰਨ ਹੈ ਕਿ ਹੁਣ ਕਾੜ੍ਹਨੀ ਦੀ ਲੱਸੀ ਲੋਪ ਹੋ ਗਈ।

Share: