ਨਵੀਂ ਦਿੱਲੀ: ਅਮਰੀਕਾ ਅਤੇ ਇਰਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਤੇਜ਼ੀ ਨਾਲ ਖੁੱਲ੍ਹੇ। ਸਵੇਰੇ 9:15 ਵਜੇ ਬੀ ਐੱਸ ਈ ਸੈਂਸੈਕਸ 2,613.46 ਅੰਕ (3.50 ਫੀਸਦੀ) ਦੇ ਵਾਧੇ ਨਾਲ 77,230.04 ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਐੱਨ ਐਸੱ ਈ (NSE) ਨਿਫਟੀ 731.50 ਅੰਕ (3.16 ਫੀਸਦੀ) ਦੇ ਵਾਧੇ ਨਾਲ 23,855.15 ‘ਤੇ ਆ ਗਿਆ। ਨਿਫਟੀ ਵਿੱਚ ਇੰਟਰਗਲੋਬ ਐਵੀਏਸ਼ਨ 9 ਫੀਸਦੀ ਅਤੇ ਲਾਰਸਨ ਐਂਡ ਟੂਬਰੋ 7 ਫੀਸਦੀ ਤੋਂ ਵੱਧ ਦਾ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਹਨ, ਜਦਕਿ ਸ਼੍ਰੀਰਾਮ ਫਾਈਨੈਂਸ, ਅਡਾਨੀ ਪੋਰਟਸ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ਨੇ 5-6 ਫੀਸਦੀ ਦੇ ਵਿਚਕਾਰ ਵਾਧਾ ਦਰਜ ਕੀਤਾ। ਵਿੱਤੀ ਸਟਾਕਾਂ ਵਿੱਚ ਵੀ ਮਜ਼ਬੂਤ ਸੁਧਾਰ ਦੇਖਿਆ ਗਿਆ, ਜਿਸ ਤਹਿਤ ਬਜਾਜ ਫਾਈਨੈਂਸ ਅਤੇ ਬਜਾਜ ਫਿਨਸਰਵ 4-5 ਫੀਸਦੀ ਤੋਂ ਵੱਧ ਉਛਾਲ ਨਾਲ ਖੁੱਲ੍ਹੇ। ਏਸ਼ੀਅਨ ਪੇਂਟਸ ਅਤੇ ਅਲਟਰਾਟੈੱਕ ਸੀਮਿੰਟ ਨੇ ਵੀ ਸਕਾਰਾਤਮਕ ਵਾਧਾ ਦਰਜ ਕੀਤਾ।
ਬਾਜ਼ਾਰ ਵਿੱਚ ਇਸ ਉਛਾਲ ਦਾ ਕਾਰਨ ਜੰਗਬੰਦੀ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ। ਬਰੈਂਟ ਕੱਚਾ ਤੇਲ, ਜੋ ਪਹਿਲਾਂ 115 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਸੀ, ਹੁਣ ਡਿੱਗ ਕੇ 94-95 ਡਾਲਰ ਦੇ ਆਸ-ਪਾਸ ਆ ਗਿਆ ਹੈ। ਦੂਜੇ ਪਾਸ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 50 ਪੈਸੇ ਮਜ਼ਬੂਤ ਹੋ ਕੇ 92.56 ‘ਤੇ ਪਹੁੰਚ ਗਿਆ ਹੈ।
ਸੇਬੀ (SEBI) ਰਜਿਸਟਰਡ ਔਨਲਾਈਨ ਟ੍ਰੇਡਿੰਗ ਫਰਮ ‘ਐਨਰਿਚ ਮਨੀ’ (Enrich Money) ਦੇ ਸੀ ਈ ਓ ਪੋਨਮੁਦੀ ਆਰ. ਨੇ ਇਸ ਵਾਧੇ ਦਾ ਕਾਰਨ ਆਲਮੀ ਤਣਾਅ ਦੇ ਘੱਟ ਹੋਣ ਨੂੰ ਦੱਸਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵਿਰੁੱਧ ਹਮਲੇ ਦੀ ਆਖਰੀ ਡੈੱਡਲਾਈਨ ਤੋਂ ਠੀਕ ਪਹਿਲਾਂ ਇਸ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਸਮਝੌਤੇ ਦਾ ਮੁੱਖ ਮਕਸਦ ਹੋਰਮੁਜ਼ ਦੇ ਜਲ ਮਾਰਗ ਨੂੰ ਮੁੜ ਖੋਲ੍ਹਣਾ ਹੈ।

