ਅਤਿ ਦੀ ਗਰਮੀ ਨੇ ਲੋਕ ਘਰਾਂ ’ਚ ਕੈਦ ਕੀਤੇ

ਅਤਿ ਦੀ ਗਰਮੀ ਨੇ ਲੋਕ ਘਰਾਂ ’ਚ ਕੈਦ ਕੀਤੇ

ਚੰਡੀਗਡ਼੍ਹ/ਮਾਨਸਾ: ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਵੱਲੋਂ 12 ਜ਼ਿਲ੍ਹਿਆਂ ਵਿੱਚ ਲੂ ਅਤੇ ਸੱਤ ਜ਼ਿਲ੍ਹਿਆਂ ਵਿੱਚ ਗਰਮ ਰਾਤਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਰਹੇਗਾ। ਜਾਣਕਾਰੀ ਮੁਤਾਬਕ ਮਾਨਸਾ ’ਚ ਤਾਪਮਾਨ 41.9 ਡਿਗਰੀ ਸੈਲਸੀਅਸ, ਬਠਿੰਡਾ ’ਚ 43.7 ਡਿਗਰੀ ਸੈਲਸੀਅਸ, ਲੁਧਿਆਣਾ ’ਚ 42.6, ਫ਼ਰੀਦਕੋਟ ’ਚ 42.8, ਚੰਡੀਗੜ੍ਹ ਵਿੱਚ 40.8 ਡਿਗਰੀ ਸੈਲਸੀਅਸ, ਲੁਧਿਆਣਾ ਤੇ ਪਟਿਆਲਾ ਵਿੱਚ 42.4 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਵਿੱਚ 40.5 ਡਿਗਰੀ ਸੈਲਸੀਅਸ, ਰੂਪਨਗਰ ਵਿੱਚ 41.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 39.3 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 38.8 ਡਿਗਰੀ ਸੈਲਸੀਅਸ, ਫਾਜ਼ਿਲਕਾ ਵਿੱਚ 39.9 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 39 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 37.9 ਡਿਗਰੀ ਸੈਲਸੀਅਸ ਅਤੇ ਮੁਹਾਲੀ ਵਿੱਚ 39.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਦੇ ਬੁਲੇਟਿਨ ਅਨੁਸਾਰ ਜਿੱਥੇ ਅਗਲੇ 4-5 ਦਿਨਾਂ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੇ ਨਾਲ-ਨਾਲ ਬੱਦਲਵਾਈ ਦੀ ਆਸ ਪ੍ਰਗਟਾਈ ਗਈ ਹੈ, ਉੱਥੇ ਹੀ ਭਲਕੇ 27 ਅਪਰੈਲ ਨੂੰ ਮੌਸਮ ਦੇ ਮਿਜ਼ਾਜ ਵਿਗੜਨ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸਾ ਸਮੇਤ ਬਠਿੰਡਾ, ਮੁਕਤਸਰ, ਫ਼ਰੀਦਕੋਟ, ਸੰਗਰੂਰ, ਮੋਗਾ, ਪਟਿਆਲਾ ਤੇ ਫਾਜ਼ਿਲਕਾ ਆਦਿ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਗਰਜ-ਚਮਕ ਤੇ ਹਲਕੀਆਂ ਕਣੀਆਂ ਦੀ ਸੰਭਾਵਨਾ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਤਾਪਮਾਨ ਵਿੱਚ ਹਲਕੀ ਗਿਰਾਵਟ ਆਉਣ ਦੇ ਆਸਾਰ ਹਨ। ਇਸ ਦੌਰਾਨ ਹਵਾ ਵਿੱਚ ਨਮੀ ਦੀ ਔਸਤ 76-28 ਫ਼ੀਸਦੀ ਅਤੇ ਹਵਾਵਾਂ ਦੀ ਰਫ਼ਤਾਰ 3 ਤੋਂ 17 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

Share: