ਹਰਸਿਮਰਤ ਬਾਦਲ ਨੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਹਰਸਿਮਰਤ ਬਾਦਲ ਨੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਲੰਬੀ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੰਬੀ ਹਲਕੇ ਦੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਬੋਦੀਵਾਲਾ, ਅਸਪਾਲ, ਸਰਾਵਾਂ ਬੋਦਲਾਂ, ਰੱਤਾਖੇੜਾ, ਰਾਣੀਵਾਲਾ ਤੇ ਮਿੱਡਾ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਤਿੱਖੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਾਲੀ ‘ਆਪ’ ਲੀਡਰਸ਼ਿਪ ਨੂੰ ਖੁਸ਼ ਕਰਨ ਲਈ ਪੰਜਾਬ ਸਿਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ, ਪਰ ਕੁਦਰਤੀ ਆਫ਼ਤ ਦੇ ਪੀੜਤ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਕੋਲ ਕੋਈ ਫੰਡ ਮੌਜੂਦ ਨਹੀਂ। ਉਨ੍ਹਾਂ ਸੁਆਲ ਕੀਤਾ ਕਿ ਭਗਵੰਤ ਮਾਨ ਖ਼ਰਾਬੇ ਤੋਂ ਪਹਿਲਾਂ ਮੁਆਵਜ਼ਾ ਦੇਣ ਦੀ ਗੱਲ ਕਰਦੇ ਹੁੰਦੇ ਸਨ, ਉਹ ਹੁਣ 500 ਕਰੋੜ ਰੁਪਏ ਹੋਰ ਕਰਜ਼ਾ ਲੈ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਕਿਉਂ ਨਹੀਂ ਪਾ ਰਹੇ? ਉਨ੍ਹਾਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਖੇਤਰ ਦਾ ਕਿਸਾਨ ਗੜੇਮਾਰੀ ਕਾਰਨ ਬਰਬਾਦ ਹੋ ਰਿਹਾ ਸੀ, ਉਦੋਂ ਮੁੱਖ ਮੰਤਰੀ ਪ੍ਰਭਾਵਿਤ ਖੇਤਾਂ ਦੇ ਦੌਰੇ ਦੀ ਬਜਾਏ ਸਰਕਾਰੀ ਖਰਚੇ ’ਤੇ ਬਠਿੰਡਾ ਵਿੱਚ ਸਿਆਸੀ ਰੈਲੀਆਂ ਵਿੱਚ ਰੁੱਝੇ ਸਨ। ਖੇਤੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਵੇਲੇ ਵੋਟਾਂ ਮੰਗਣ ਆਉਣ ਵਾਲੇ ਖੇਤੀ ਮੰਤਰੀ ਅੱਜ ਮੁਸੀਬਤ ਵੇਲੇ ਲੋਕ ਸਭਾ ਹਲਕੇ ਵਿੱਚ ਕਿਸਾਨਾਂ ਨੂੰ ਹੌਸਲਾ ਦੇਣ ਲਈ ਵੀ ਨਹੀਂ ਪੁੱਜੇ। ਉਨ੍ਹਾਂ ਤਨਜ ਕੱਸਦਿਆਂ ਕਿਹਾ ਕਿ ‘ਆਪ’ ਸਰਕਾਰ ਬਣਨ ਮਗਰੋਂ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਖ਼ਰਾਬ ਹੋਈ ਪਈ ਹੈ, ਸਾਲ 2022 ਤੋਂ ਲੈ ਕੇ ਹੁਣ ਤੱਕ ਕਦੇ ਹੜ੍ਹ, ਕਦੇ ਨਰਮੇ ਦੀ ਬਿਮਾਰੀ ਤੇ ਹੁਣ ਗੜੇਮਾਰੀ ਨੇ ਕਿਸਾਨੀ ਨੂੰ ਫੇਲ੍ਹ ਕਰ ਦਿੱਤਾ ਹੈ।

Share: