ਸਿਆਟਲ ’ਚ Swami Vivekananda ਦੇ ਪਹਿਲੇ ਆਦਮ-ਕੱਦ ਬੁੱਤ ਤੋਂ ਪਰਦਾ ਹਟਾਇਆ

ਸਿਆਟਲ ’ਚ Swami Vivekananda ਦੇ ਪਹਿਲੇ ਆਦਮ-ਕੱਦ ਬੁੱਤ ਤੋਂ ਪਰਦਾ ਹਟਾਇਆ

ਨਿਊਯਾਰਕ: ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਸਵਾਮੀ ਵਿਵੇਕਾਨੰਦ ਦੇ ਸਨਮਾਨ ਹਿੱਤ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਉਨ੍ਹਾਂ ਦੇ ਪਹਿਲੇ ਆਦਮ-ਕੱਦ ਬੁੱਤ ਤੋਂ ਪਰਦਾ ਹਟਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਡਾਊਨਟਾਊਨ ਸਿਆਟਲ ਦੇ ਰੁਝੇਵਿਆਂ ਭਰੇ ਵੈਸਟਲੇਕ ਸਕੁਏਅਰ ਵਿੱਚ ਸਥਾਪਤ ਇਹ ਕਾਂਸੀ ਦਾ ਬੁੱਤ, ਅਮਰੀਕਾ ਦੇ ਕਿਸੇ ਵੀ ਸ਼ਹਿਰ ਦੀ ਸਰਕਾਰ ਦੀ ਮੇਜ਼ਬਾਨੀ ਹੇਠ ਕੀਤੀ ਜਾਣ ਵਾਲੀ ਅਜਿਹੀ ਪਹਿਲੀ ਸਥਾਪਨਾ ਹੈ।

ਭਾਰਤੀ ਕਲਾਕਾਰ ਨਰੇਸ਼ ਕੁਮਾਰ ਕੁਮਾਵਤ ਵੱਲੋਂ ਤਰਾਸ਼ੇ ਇਸ ਬੁੱਤ ਦਾ ਉਦਘਾਟਨ ਸ਼ਨਿਚਰਵਾਰ ਨੂੰ ਸਿਆਟਲ ਦੀ ਮੇਅਰ ਕੇਟੀ ਵਿਲਸਨ ਅਤੇ ਸਿਆਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸਿਆਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਸ਼ਿਕਾਗੋ 1893 ਤੋਂ ਸਿਆਟਲ 2026 ਤੱਕ! ਸਿਆਟਲ ਦੇ ਦਿਸਹੱਦੇ ਨੂੰ ਨਵਾਂ ਭਾਰਤੀ ਬੁੱਤ ਮਿਲਿਆ ਹੈ: ਸਵਾਮੀ ਵਿਵੇਕਾਨੰਦ! ਸਿਆਟਲ ਡਾਊਨਟਾਊਨ ਦੇ ਦਿਲ ਵਿੱਚ ਸਵਾਮੀ ਵਿਵੇਕਾਨੰਦ ਦੀ ਯਾਦਗਾਰ ਦੀ ਮੇਜ਼ਬਾਨੀ ਕਰਨ ਵਾਲੀ ਇਹ ਸ਼ਹਿਰ ਦੀ ਪਹਿਲੀ ਸਰਕਾਰ ਬਣ ਗਈ ਹੈ।’’ ਸਮਾਗਮ ਨੂੰ ਮੇਅਰ ਵਿਲਸਨ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਸਿਆਟਲ ਦੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਭਾਰਤ ਤੇ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮੀ ਟੈਕਨੋਲੋਜੀ ਕੇਂਦਰ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ।

Share: