ਦੁਬਈ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋ ਮਹੀਨੇ ਤੋਂ ਜਾਰੀ ਜੰਗ ਦੇ ਖ਼ਾਤਮੇ ਲਈ ਇਰਾਨ ਦੀ ਸੱਜਰੀ ਤਜਵੀਜ਼ ’ਤੇ ਨਾਖ਼ੁਸ਼ੀ ਜਤਾਈ ਹੈ। ਇਰਾਨ ਨੇ ਬਾਸ਼ਰਤ ਹਰਮੁਜ਼ ਜਲ ਮਾਰਗ ਖੋਲ੍ਹਣ ਦੀ ਪੇਸ਼ਕਸ਼ ਕੀਤੀ ਹੈ ਤੇ ਹਾਲ ਦੀ ਘੜੀ ਪਰਮਾਣੂ ਪ੍ਰੋਗਰਾਮ ਨੂੰ ਇਸ ’ਚੋਂ ਬਾਹਰ ਰੱਖਿਆ ਹੈ। ਟਰੰਪ ਨੇੇ ਸੋਮਵਾਰ ਨੂੰ ਆਪਣੇ ਸਲਾਹਕਾਰਾਂ ਨਾਲ ਬੈਠਕ ਮਗਰੋਂ ਕਿਹਾ ਕਿ ਉਹ ਤਹਿਰਾਨ ਦੀ ਤਜਵੀਜ਼ ਤੋਂ ਨਾਖ਼ੁਸ਼ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਗੱਲਬਾਤ ਵਿੱਚ ਪਰਮਾਣੂ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਧਰ, ਇਰਾਨ ਨੇ ਭਾਰਤ ਸਣੇ ਹੋਰਨਾਂ ਐੱਸ ਸੀ ਓ ਮੁਲਕਾਂ ਨਾਲ ਰੱਖਿਆਤਮਕ ਹਥਿਆਰ ਸਮਰਥਾਵਾਂ ਸਾਂਝੀਆਂ ਕਰਨ ਦੀ ਖ਼ਾਹਿਸ਼ ਜਤਾਈ ਹੈ। ਵ੍ਹਾਈਟ ਹਾਊਸ ਦੀ ਮਹਿਲਾ ਤਰਜਮਾਨ ਓਲਿਵੀਆ ਵੇਲਜ਼ ਨੇ ਕਿਹਾ ਕਿ ਅਮਰੀਕਾ ਜੰਗ ਦਾ ਖ਼ਾਤਮਾ ਚਾਹੁੰਦਾ ਹੈ, ਜਿਸ ਕਰ ਕੇ ਉਹ ‘ਆਪਣੀਆਂ ਹੱਦਾਂ ਬਾਰੇ ਸਪਸ਼ਟ’ ਹਨ। ਇਰਾਨ ਅਤੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਦਰਮਿਆਨ 2015 ਵਿੱਚ ਹੋਏ ਸਮਝੌਤੇ ਵਿੱਚ ਅਮਰੀਕਾ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਸੀ। ਇਰਾਨ ਹਾਲਾਂਕਿ ਦਾਅਵਾ ਕਰਦਾ ਸੀ ਕਿ ਇਹ ਪ੍ਰੋਗਰਾਮ ਸ਼ਾਂਤੀਪੂਰਨ ਤੇ ਗ਼ੈਰ-ਫੌਜੀ ਮੰਤਵਾਂ ਲਈ ਹੈ। ਉਂਝ, ਇਹ ਸਮਝੌਤਾ ਉਦੋਂ ਟੁੱਟ ਗਿਆ ਜਦੋਂ ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਨੂੰ ਇਕਤਰਫ਼ਾ ਤਰੀਕੇ ਨਾਲ ਰੱਦ ਕਰ ਦਿੱਤਾ ਸੀ।
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਪਿਛਲੇ ਹਫ਼ਤੇ ਦੋ ਵਾਰ ਇਸਲਾਮਾਬਾਦ ਦੀ ਗੇੜੀ ਲਾ ਚੁੱਕੇ ਹਨ। ਉਹ ਓਮਾਨ ਵੀ ਗਏ ਤੇ ਸੋਮਵਾਰ ਨੂੰ ਰੂਸ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਇਰਾਨ ਦੇ ਉਪ ਰੱਖਿਆ ਮੰਤਰੀ ਰਜ਼ਾ ਤਲਾਈ-ਨਿਕ ਨੇ ਮੰਗਲਵਾਰ ਨੂੰ ਕਿਹਾ ਤਹਿਰਾਨ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਮੈਂਬਰ ਮੁਲਕਾਂ ਸਣੇ ਹੋਰਨਾਂ ‘ਨਿਰਪੱਖ’ ਮੁਲਕਾਂ ਨਾਲ ਆਪਣੀ ਰੱਖਿਆਤਮਕ ਹਥਿਆਰ ਸਮਰੱਥਾ ਤੇ ‘ਅਮਰੀਕੀ ਹਾਰ’ ਤੋਂ ਮਿਲੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਤਿਆਰ ਹੈ। ਇਸ ਗੁੱਟ ਵਿੱਚ ਇਰਾਨ, ਰੂਸ, ਚੀਨ, ਭਾਰਤ, ਪਾਕਿਸਤਾਨ ਤੇ ਮੱਧ ਏਸ਼ਿਆਈ ਮੁਲਕ ਸ਼ਾਮਲ ਹਨ। ਅਮਰੀਕਾ ਤੇ ਇਰਾਨ ਵਿਚਾਲੇ ਵਾਰਤਾ ਕਿਸੇ ਤਣ-ਪੱਤਣ ਨਾ ਲੱਗਣ ਦਰਮਿਆਨ ਮੰਗਲਵਾਰ ਨੂੰ ਤੇਲ ਕੀਮਤਾਂ ਕਰੀਬ 3 ਫ਼ੀਸਦ ਵਧ ਗਈਆਂ। ਹਾਲੀਆ ਦਿਨਾਂ ਵਿੱਚ ਅਮਰੀਕੀ ਨਾਕਾਬੰਦੀ ਕਰ ਕੇ ਇਰਾਨੀ ਤੇਲ ਨਾਲ ਲੱਦੇ ਘੱਟੋ-ਘੱਟ 6 ਟੈਂਕਰਾਂ ਨੂੰ ਹਰਮੁਜ਼ ਜਲ ਮਾਰਗ ਵਿੱਚ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਹੈ। ਇਰਾਨ ਸਰਕਾਰ ਦੀ ਤਰਜਮਾਨ ਫ਼ਾਤਿਮਾ ਮੋਹਜੇਰਾਨੀ ਨੇ ਮੰਗਲਵਾਰ ਨੂੰ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਇਰਾਨ ਨੇ ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਵੇਲੇ ਹੀ ਸਮੁੰਦਰੀ ਨਾਕਾਬੰਦੀ ਦੇ ਟਾਕਰੇ ਲਈ ਤਿਆਰੀ ਖਿੱਚ ਲਈ ਸੀ ਤੇ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਸਨ। ਉਸ ਨੇ ਕਿਹਾ ਕਿ ਤਹਿਰਾਨ ਨਾਕਾਬੰਦੀ ਨੂੰ ਬੇਅਸਰ ਕਰਨ ਲਈ ਉੱਤਰੀ, ਪੂਰਬੀ ਤੇ ਪੱਛਮੀ ਵਪਾਰ ਲਾਂਘਿਆਂ ਦੀ ਵਰਤੋਂ ਕਰ ਰਿਹਾ ਹੈ, ਜੋ ਖਾੜੀ ਬੰਦਰਗਾਹਾਂ ’ਤੇ ਮੁਨੱਸਰ ਨਹੀਂ ਹੈ।
ਸੀਨੀਅਰ ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਅਰਾਗ਼ਚੀ ਨੇ ਪਿਛਲੇ ਹਫ਼ਤੇ ਇਸਲਾਮਾਬਾਦ ਦੀ ਫੇਰੀ ਦੌਰਾਨ ਕੁਝ ਤਜਵੀਜ਼ਾਂ ਰੱਖੀਆਂ ਹਨ। ਤਜਵੀਜ਼ ਦੀ ਪਹਿਲੀ ਸ਼ਰਤ ਇਰਾਨ ਖ਼ਿਲਾਫ਼ ਅਮਰੀਕਾ-ਇਜ਼ਰਾਈਲ ਜੰਗ ਖ਼ਤਮ ਕਰਨਾ ਤੇ ਇਹ ਗਾਰੰਟੀ ਦੇਣਾ ਹੈ ਕਿ ਅਮਰੀਕਾ ਮੁੜ ਹਮਲੇ ਨਹੀਂ ਕਰੇਗਾ। ਦੂਜੀ ਸ਼ਰਤ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਤੇ ਹਰਮੁਜ਼ ਜਲ ਮਾਰਗ ਦੇ ਭਵਿੱਖ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣਾ ਹੈ।
ਸ਼ਰਤਾਂ ਤਹਿਤ ਹਰਮੁਜ਼ ਖੋਲ੍ਹਣ ਦੀ ਤਜਵੀਜ਼ ਮਨਜ਼ੂਰ ਨਹੀਂ: ਰੂਬੀਓ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਇਰਾਨ ਦੀ ਸਖ਼ਤ ਸ਼ਰਤਾਂ ਤਹਿਤ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਸਬੰਧੀ ਤਜਵੀਜ਼ ਅਮਰੀਕਾ ਜਾਂ ਕਿਸੇ ਵੀ ਹੋਰ ਮੁਲਕ ਲਈ ਸਵੀਕਾਰਨਯੋਗ ਨਹੀਂ ਹੈ। ਰੂਬੀਓ ਨੇ ਸੋਮਵਾਰ ਨੂੰ ‘ਫੌਕਸ ਨਿਊਜ਼’ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਰਣਨੀਤਕ ਪੱਖੋਂ ਅਹਿਮ ਜਲ ਮਾਰਗ ਬਾਰੇ ਇਰਾਨ ਦਾ ਨਜ਼ਰੀਆਂ ਕੁੱਲ ਆਲਮ ਦੇ ਬਾਕੀ ਮੁਲਕਾਂ ਨਾਲੋਂ ਵੱਖ ਹੈ। ਉਨ੍ਹਾਂ ਕਿਹਾ, ‘‘ਮੈਨੂੰ ਇਸ ਗੱਲ ’ਤੇ ਕੋਈ ਸ਼ੱਕ-ਸ਼ੁਬ੍ਹਾ ਨਹੀਂ ਕਿ ਭਵਿੱਖ ਵਿੱਚ ਕਿਸੇ ਸਮੇਂ, ਜੇ ਇਹ ਕੱਟੜਪੰਥੀ ਧਾਰਮਿਕ ਹਕੂਮਤ ਇਰਾਨ ਵਿੱਚ ਸੱਤਾ ’ਚ ਰਹਿੰਦੀ ਹੈ, ਤਾਂ ਉਹ ਫ਼ੈਸਲਾ ਕਰਨਗੇ ਕਿ ਉਹ ਪਰਮਾਣੂ ਹਥਿਆਰ ਚਾਹੁੰਦੇ ਹਨ। ਜਲ ਮਾਰਗ ਖੋਲ੍ਹਣ ਤੋਂ ਉਨ੍ਹਾਂ (ਇਰਾਨ ਦਾ) ਭਾਵ ਹੈ ਕਿ ਜਦੋਂ ਤੱਕ ਤੁਸੀਂ ਇਰਾਨ ਨਾਲ ਤਾਲਮੇਲ ਕਰ ਰਹੇ ਹੋ ਤੇ ਉਨ੍ਹਾਂ ਦੀ ਪ੍ਰਵਾਨਗੀ ਲੈਂਦੇ ਹੋ, ਉਦੋਂ ਤੱਕ ਜਲ ਮਾਰਗ ਖੁੱਲ੍ਹਾ ਹੈ, ਨਹੀਂ ਤਾਂ ਉਹ ਤੁਹਾਨੂੰ ਉਥੋਂ ਭਜਾ ਦੇਣਗੇ ਤੇ ਤੁਹਾਨੂੰ ਉਨ੍ਹਾਂ ਨੂੰ ਅਦਾਇਗੀ ਕਰਨੀ ਹੋਵੇਗੀ।’’

