ਵਾਸ਼ਿੰਗਟਨ/ਇਸਲਾਮਾਬਾਦ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲਸ ਪਾਕਿਸਤਾਨ ਦੀ ਅਪੀਲ ਉੱਤੇ ਇਰਾਨ ਨਾਲ ਜੰਗਬੰਦੀ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾ ਦਿੱਤੀ ਹੈ। ਟਰੰਪ ਨੇ ਕਿਹਾ ਕਿ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਤਹਿਰਾਨ ਦੀ ਖਿੰਡੀ ਹੋਈ ਲੀਡਰਸ਼ਿਪ ਨੂੰ ਸੱਤ ਹਫ਼ਤਿਆਂ ਤੋਂ ਜਾਰੀ ਜੰਗ ਦਾ ਭੋਗ ਪਾਉਣ ਲਈ ਸਾਂਝੀ ਤਜਵੀਜ਼ ਤਿਆਰ ਕਰਨ ਵਾਸਤੇ ਸਮਾਂ ਦੇਣਾ ਹੈ। ਅਮਰੀਕੀ ਸਦਰ ਨੇ ਸਾਫ਼ ਕਰ ਦਿੱਤਾ ਕਿ ਇਰਾਨੀ ਬੰਦਰਗਾਹਾਂ ਦੀ ਆਰਥਿਕ ਨਾਕਾਬੰਦੀ ਜਾਰੀ ਰਹੇਗੀ। ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਨੇ ਜੰਗਬੰਦੀ ਦੀ ਮਿਆਦ ਵਧਾਉਣ ਦਾ ਸਵਾਗਤ ਕੀਤਾ ਹੈ।
ਟਰੰਪ ਨੇ ਇਹ ਐਲਾਨ 8 ਅਪਰੈਲ ਨੂੰ ਐਲਾਨੀ ਦੋ ਹਫ਼ਤਿਆਂ ਦੀ ਜੰਗਬੰਦੀ ਦੀ ਮਿਆਦ ਮੁੱਕਣ ਤੋਂ ਕੁੱਝ ਘੰਟੇ ਪਹਿਲਾਂ ਕੀਤਾ ਹੈ। ਜੰਗਬੰਦੀ ਵਿੱਚ ਵਾਧੇ ਨੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਅਗਵਾਈ ਵਾਲੇ ਅਮਰੀਕੀ ਵਫ਼ਦ ਦੇ ਇਰਾਨੀ ਵਾਰਤਾਕਾਰਾਂ ਨਾਲ ਸ਼ਾਂਤੀ ਵਾਰਤਾ ਲਈ ਇਸਲਾਮਾਬਾਦ ਦੇ ਤਜਵੀਜ਼ਤ ਦੌਰੇ ਨੂੰ ਹਾਲ ਦੀ ਘੜੀ ਅੱਗੇ ਪਾ ਦਿੱਤਾ ਹੈ। ਵੈਂਸ ਤੇ ਅਮਰੀਕਾ ਦੇ ਵਿਸ਼ੇਸ਼ ਦੂਤਾਂ ਸਟੀਵ ਵਿਟਕੌਫ਼ ਤੇ ਜੇਅਰਡ ਕੁਸ਼ਨਰ ਨੇ ਮੰਗਲਵਾਰ ਨੂੰ ਇਸਲਾਮਾਬਾਦ ਆਉਣਾ ਸੀ, ਪਰ ਵ੍ਹਾਈਟ ਹਾਊਸ ਨੇ ਕਿਹਾ ਕਿ ਵਫ਼ਤ ਦੀ ਪਾਕਿਸਤਾਨ ਫੇਰੀ ਅੱਜ (ਮੰਗਲਵਾਰ) ਨਹੀਂ ਹੋਵੇਗੀ।’’ ਟਰੰਪ ਨੇ ਬਿਆਨ ਵਿੱਚ ਕਿਹਾ, ‘‘ਇਹ ਤੱਥ ਕਿ ਇਰਾਨ ਸਰਕਾਰ ਖਿੰਡੀ ਹੋਈ ਹੈ, ਫੀਲਡ ਮਾਰਸ਼ਲ ਆਸਿਮ ਮੁਨੀਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਗੁਜਾਰਿਸ਼ ਉੱਤੇ ਸਾਨੂੰ ਉਦੋਂ ਤੱਕ ਇਰਾਨ ’ਤੇ ਹਮਲੇ ਕਰਨ ਤੋਂ ਰੋਕਿਆ ਗਿਆ ਹੈ ਜਦੋਂ ਤੱਕ ਉਨ੍ਹਾਂ ਦੇ ਆਗੂ ਤੇ ਪ੍ਰਤੀਨਿਧ ਕੋਈ ਸਾਂਝੀ ਤਜਵੀਜ਼ ਤਿਆਰ ਨਾ ਕਰ ਲੈਣ।’’
ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਨੇ ਅਮਰੀਕੀ ਨਾਕਾਬੰਦੀ ਨੂੰ ‘ਜੰਗੀ ਕਾਰਵਾਈ ਤੇ ਜੰਗਬੰਦੀ ਦੀ ਉਲੰਘਣਾ’ ਦੱਸਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਵਪਾਰਕ ਬੇੜੇ ’ਤੇ ਹਮਲਾ ਤੇ ਇਸ ਦੇ ਅਮਲੇ ਨੂੰ ਬੰਧਕ ਬਣਾਉਣਾ ਇਸ ਤੋਂ ਵੱਡੀ ਉਲੰਘਣਾ ਹੈ। ਇਰਾਨ ਨੂੰ ਪਤਾ ਹੈ ਕਿ ਇਨ੍ਹਾਂ ਪਾਬੰਦੀਆਂ ਨੂੰ ਕਿਵੇਂ ਹਟਾਉਣਾ, ਆਪਣੇ ਹਿੱਤਾਂ ਦੀ ਰਾਖੀ ਕਿਵੇਂ ਕਰਨੀ ਹੈ ਅਤੇ ਬੁਰਛਾਗਰਦੀ ਦਾ ਜਵਾਬ ਕਿਵੇਂ ਦੇਣਾ ਹੈ।’’
ਵਿਟਕੌਫ਼ ਤੇ ਕੁਸ਼ਨਰ ਨੇ ਮਿੱਥੇ ਪ੍ਰੋਗਰਾਮ ਮੁਤਾਬਕ ਪਹਿਲਾਂ ਮੰਗਲਵਾਰ ਸਵੇਰੇ ਮਿਆਮੀ ਤੋਂ ਇਸਲਾਮਾਬਾਦ ਲਈ ਰਵਾਨਾ ਹੋਣਾ ਸੀ, ਪਰ ਫਿਰ ਉਨ੍ਹਾਂ ਨੂੰ ਵ੍ਹਾਈਟ ਹਾਊਸ ’ਚ ਰੱਖੀਆਂ ‘ਵਾਧੂ ਬੈਠਕਾਂ’ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਵੈਂਸ ਵੀ ਇਨ੍ਹਾਂ ਬੈਠਕਾਂ ’ਚ ਮੌਜੂਦ ਸਨ। ਅਣਮਿੱਥੇ ਸਮੇਂ ਦੀ ਜੰਗਬੰਦੀ ਟਰੰਪ ਦੇ ਸੁਰ ਵਿੱਚ ਅਹਿਮ ਤਬਦੀਲੀ ਦਾ ਸੰਕੇਤ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਜੇਕਰ ਬੁੱਧਵਾਰ ਤੱਕ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਅਮਰੀਕੀ ਫੌਜਾਂ ਤਹਿਰਾਨ ਦੇ ਬੁਨਿਆਦੀ ਢਾਂਚੇ ’ਤੇ ‘ਬੰਬਾਰੀ’ ਕਰਨਗੀਆਂ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਜੰਗਬੰਦੀ ’ਚ ਵਾਧੇ ਲਈ ਟਰੰਪ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਇਸ ਨਾਲ ਦੋਵਾਂ ਧਿਰਾਂ ਨੂੰ ਜੰਗ ਦੇ ਖਾਤਮੇ ਲਈ ‘ਵਿਆਪਕ ਸ਼ਾਂਤੀ ਵਾਰਤਾ’ ਸਿਰੇ ਚਾੜ੍ਹਨ ਵਿੱਚ ਮਦਦ ਮਿਲੇਗੀ। ਸ਼ਰੀਫ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਮੈਂ ਆਪਣੇ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੱਲੋਂ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਦਾ ਹਾਂ।’’ ਪੀ ਐੱਮ ਓ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਇਰਾਨ ਦੇ ਰਾਜਦੂਤ ਰਜ਼ਾ ਅਮੀਰੀ ਮੁਕੱਦਮ ਨੇ ਪ੍ਰਧਾਨ ਮੰਤਰੀ ਸ਼ਰੀਫ਼ ਨੂੰ ਫੋਨ ਕਰ ਕੇ ਖੇਤਰੀ ਹਾਲਾਤ ਤੇ ਸ਼ਾਂਤੀ ਯਤਨਾਂ ਬਾਰੇ ਚਰਚਾ ਕੀਤੀ। ਅਗਲੇ ਗੇੜ ਦੀ ਸ਼ਾਂਤੀ ਵਾਰਤਾ ਲਈ ਤਰੀਕਾਂ ਬਾਰੇ ਭਾਵੇਂ ਅਜੇ ਕੁਝ ਵੀ ਸਾਫ਼ ਨਹੀਂ ਹੈ, ਪਰ ਪਾਕਿਸਤਾਨ ਨੇ ਤਜਵੀਜ਼ਤ ਗੱਲਬਾਤ ਦੀ ਤਿਆਰੀ ਲਈ 10,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਸਮੇਤ ਵਿਆਪਕ ਸੁਰੱਖਿਆ ਉਪਾਅ ਕੀਤੇ ਹਨ।
ਇਸ ਦੌਰਾਨ ਅਮਰੀਕੀ ਵਿੱਤ ਮੰਤਰੀ ਸਕੌਟ ਬੈਸੈਂਟ ਨੇ ਇਰਾਨ, ਤੁਰਕੀ ਤੇ ਯੂ ਏ ਈ ਆਧਾਰਿਤ 14 ਵਿਅਕਤੀਆਂ, ਸੰਸਥਾਵਾਂ ਤੇ ਜਹਾਜ਼ਾਂ ਉੱਤੇ ਇਰਾਨ ਵੱਲੋਂ ਹਥਿਆਰਾਂ ਜਾਂ ਹਥਿਆਰਾਂ ਦੇ ਹਿੱਸਿਆਂ ਦੀ ਖਰੀਦ ਜਾਂ ਆਵਾਜਾਈ ਵਿੱਚ ਕਥਿਤ ਸ਼ਮੂਲੀਅਤ ਲਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਹਰਮੁਜ਼ ਜਲ ਮਾਰਗ ਉੱਤੇ ਇਰਾਨ ਦੀ ਪਕੜ ਨਾਲ ਕੱਚੇ ਤੇਲ ਦੀਆਂ ਕੀਮਤਾਂ ਨੇ ਮੁੜ ਸ਼ੂਟ ਵੱਟ ਲਈ ਹੈ। ਮੰਗਲਵਾਰ ਨੂੰ ਕੱਚੇ ਤੇਲ ਦਾ ਭਾਅ 95 ਡਾਲਰ ਪ੍ਰਤੀ ਬੈਰਲ ਹੋ ਗਿਆ ਸੀ।
ਇਰਾਨ ਵੱਲੋਂ ਹਰਮੁਜ਼ ’ਚ ਤਿੰਨ ਜਹਾਜ਼ਾਂ ’ਤੇ ਹਮਲੇ
ਦੁਬਈ: ਇਰਾਨ ਨੇ ਬੁੱਧਵਾਰ ਨੂੰ ਹਰਮੁਜ਼ ਜਲ ਮਾਰਗ ’ਚ ਤਿੰਨ ਜਹਾਜ਼ਾਂ ’ਤੇ ਹਮਲੇ ਕੀਤੇ ਹਨ। ਇਰਾਨੀ ਰੈਵੋਲਿਊਸ਼ਨਰੀ ਗਾਰਡ ਵੱਲੋਂ ਇਹ ਹਮਲੇ ਉਸ ਸਮੇਂ ਕੀਤੇ ਗਏ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਅਣਮਿੱਥੇ ਸਮੇਂ ਲਈ ਜੰਗਬੰਦੀ ਵਧਾ ਦਿੱਤੀ ਹੈ।
ਬਰਤਾਨਵੀ ਫ਼ੌਜ ਦੇ ਸਮੁੰਦਰੀ ਵਪਾਰ ਅਪਰੇਸ਼ਨ ਕੇਂਦਰ ਮੁਤਾਬਕ ਇਰਾਨ ਨੇ ਅੱਜ ਸਵੇਰੇ ਹਰਮੁਜ਼ ਜਲ ਮਾਰਗ ’ਚ ਕੰਟੇਨਰ ਬੇੜੇ ’ਤੇ ਹਮਲਾ ਕੀਤਾ। ਕੁਝ ਸਮੇਂ ਬਾਅਦ ਹੀ ਇਕ ਹੋਰ ਬੇੜੇ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਅਦ ’ਚ ਇਰਾਨੀ ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਜਹਾਜ਼ ਰੈਵੋਲਿਊਸ਼ਨਰੀ ਗਾਰਡਾਂ ਦੇ ਕਬਜ਼ੇ ’ਚ ਹਨ ਅਤੇ ਉਨ੍ਹਾਂ ਨੂੰ ਇਰਾਨ ਲਿਆਂਦਾ ਗਿਆ ਹੈ। ਜਹਾਜ਼ਾਂ ਦੀ ਪਛਾਣ ਐੱਮ ਐੱਸ ਸੀ ਫਰਾਂਸੈਸਕਾ ਅਤੇ ਇਪਾਮਿਨੋਡਸ ਵਜੋਂ ਹੋਈ ਹੈ। ਫਾਰਸ, ਮਿਹਰ ਅਤੇ ਨੌਰ ਖ਼ਬਰ ਏਜੰਸੀਆਂ ਮੁਤਾਬਕ ਰੈਵੋਲਿਊਸ਼ਨਰੀ ਗਾਰਡਾਂ ਨੇ ਯੂਫੋਰੀਆ ਨਾਮ ਦੇ ਤੀਜੇ ਬੇੜੇ ’ਤੇ ਵੀ ਹਮਲਾ ਕੀਤਾ ਹੈ। ਜੰਗ ਸ਼ੁਰੂ ਹੋਣ ਮਗਰੋਂ ਮੱਧ-ਪੂਰਬ ’ਚ ਹੁਣ ਤੱਕ 30 ਤੋਂ ਵਧ ਜਹਾਜ਼ਾਂ ’ਤੇ ਹਮਲੇ ਹੋਏ ਹਨ। ਉਧਰ, ਰੈਲੋਵਿਊਸ਼ਨਰੀ ਗਾਰਡਾਂ ਨੇ ਇਕ ਰਾਤ ਪਹਿਲਾਂ ਮੁਲਕ ’ਚ ਆਮ ਲੋਕਾਂ ਲਈ ਮਿਜ਼ਾਈਲਾਂ ਅਤੇ ਲਾਂਚਰਾਂ ਦਾ ਪ੍ਰਦਰਸ਼ਨ ਕੀਤਾ। ਇਸ ਨਾਲ ਉਨ੍ਹਾਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰਨ ਦੇ ਦਾਅਵਿਆਂ ਨੂੰ ਨਕਾਰ ਦਿੱਤਾ। ਉਧਰ ਲੈਬਨਾਨ ’ਚ ਇਜ਼ਰਾਇਲੀ ਡਰੋਨ ਨੇ ਅੱਜ ਸਵੇਰੇ ਜਬੂਰ ਪਿੰਡ ’ਚ ਹਮਲਾ ਕੀਤਾ ਜਿਸ ’ਚ ਇਕ ਵਿਅਕਤੀ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਜ਼ਰਾਇਲੀ ਫ਼ੌਜ ਨੇ ਹਮਲੇ ਤੋਂ ਇਨਕਾਰ ਕੀਤਾ ਹੈ।
ਹਰਮੁਜ਼ ਲਾਂਘੇ ਲਈ ਇਰਾਨ ਨੂੰ ਕੋਈ ਭੁਗਤਾਨ ਨਹੀਂ ਕੀਤਾ: ਭਾਰਤ
ਨਵੀਂ ਦਿੱਲੀ: ਭਾਰਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਹਰਮੁਜ਼ ਜਲ ਮਾਰਗ ’ਚੋਂ ਆਪਣੇ ਜਹਾਜ਼ਾਂ ਦੇ ਸੁਰੱਖਿਅਤ ਲਾਂਘੇ ਲਈ ਇਰਾਨ ਨੂੰ ਨਗ਼ਦੀ ਜਾਂ ਕ੍ਰਿਪਟੋਕਰੰਸੀ ’ਚ ਕਿਸੇ ਤਰ੍ਹਾਂ ਦਾ ਕੋਈ ਭੁਗਤਾਨ ਨਹੀਂ ਕੀਤਾ ਹੈ। ਇਹ ਸਪੱਸ਼ਟੀਕਰਨ ਉਸ ਸਮੇਂ ਆਇਆ ਹੈ ਜਦੋਂ 18 ਅਪਰੈਲ ਨੂੰ ਅਹਿਮ ਜਲ ਮਾਰਗ ’ਚੋਂ ਲੰਘਣ ਸਮੇਂ ਇਰਾਨੀ ਸੁਰੱਖਿਆ ਬਲਾਂ ਨੇ ਦੋ ਭਾਰਤੀ ਜਹਾਜ਼ਾਂ ’ਤੇ ਗੋਲਾਬਾਰੀ ਕੀਤੀ ਸੀ ਜਿਸ ਮਗਰੋਂ ਉਨ੍ਹਾਂ ਨੂੰ ਪਿੱਛੇ ਪਰਤਣਾ ਪਿਆ ਸੀ। ਭਾਰਤ ਭਾਵੇਂ ਇਰਾਨ ਨਾਲ ਕਿਸੇ ਤਰ੍ਹਾਂ ਦੇ ਵਿੱਤੀ ਲੈਣ-ਦੇਣ ਦੇ ਦਾਅਵਿਆਂ ਨੂੰ ਲਗਾਤਾਰ ਨਕਾਰ ਰਿਹਾ ਹੈ ਪਰ ਕੁਝ ਰਿਪੋਰਟਾਂ ਨੇ 18 ਅਪਰੈਲ ਦੀ ਘਟਨਾ ਨੂੰ ਕ੍ਰਿਪਟੋ ਘੁਟਾਲੇ ਨਾਲ ਜੋੜਿਆ ਹੈ। ਰਿਪੋਰਟਾਂ ’ਚ ਕਿਹਾ ਗਿਆ ਕਿ ਘੁਟਾਲੇਬਾਜ਼ ਜਹਾਜ਼ਾਂ ਦੇ ਮਾਲਕਾਂ ਨੂੰ ਕ੍ਰਿਪਟੋ ਦੇ ਬਦਲੇ ’ਚ ਜਲ ਮਾਰਗ ’ਚੋਂ ਸੁਰੱਖਿਅਤ ਲਾਂਘਾ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਸਮੁੰਦਰੀ ਜੋਖਮ ਸੇਵਾਵਾਂ ਕੰਪਨੀ ਮਰਿਕਸ ਮੁਤਾਬਕ ਇਕ ਜਹਾਜ਼ ਘੁਟਾਲੇ ਤੋਂ ਪੀੜਤ ਹੈ ਜਿਸ ’ਤੇ ਜਲ ਮਾਰਗ ’ਚੋਂ ਲੰਘਣ ਸਮੇਂ ਗੋਲੀਬਾਰੀ ਹੋਈ ਸੀ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਸਨਮਾਰ ਹੈਰਾਲਡ ਦੇ ਸੁਰੱਖਿਅਤ ਲਾਂਘੇ ਲਈ ਕੋਈ ਭੁਗਤਾਨ ਕਰਨ ਸਬੰਧੀ ਰਿਪੋਰਟ ਨੂੰ ਫ਼ਰਜ਼ੀ ਖ਼ਬਰ ਦੱਸਿਆ ਹੈ। ਚੇਨਈ ਅਧਾਰਿਤ ਸਨਮਾਰ ਸ਼ਿਪਿੰਗ ਨੇ ਵੀ ਕਿਸੇ ਭੁਗਤਾਨ ਤੋਂ ਇਨਕਾਰ ਕੀਤਾ ਹੈ।

