ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਛਾਪਿਆਂ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨਾ ਤਾਂ ਇਨ੍ਹਾਂ ਛਾਪਿਆਂ ਤੋਂ ਡਰੇਗੀ ਅਤੇ ਨਾ ਹੀ ਕਿਸੇ ਦਬਾਅ ਅੱਗੇ ਝੁਕੇਗੀ। ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਹੁਣ ਸੰਜੀਵ ਅਰੋੜਾ ਦੇ ਘਰ ’ਤੇ ਛਾਪਿਆਂ ਨਾਲ ਭਾਜਪਾ ਨੇ ਸੂਬੇ ’ਚ ਚੋਣ ਮੁਹਿੰਮ ਵਿੱਢ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਸੂਬੇ ’ਚ 117 ਉਮੀਦਵਾਰ ਨਹੀਂ ਲੱਭ ਰਹੇ, ਜਿਸ ਕਰ ਕੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਜਪਾ ਨੂੰ ਦਬਾਅ ਦੀਆਂ ਚਾਲਾਂ ਦੀ ਬਜਾਏ ਲੋਕਾਂ ਵਿੱਚ ਕੰਮ ਕਰ ਕੇ 2027 ਦੀ ਤਿਆਰੀ ਕਰਨ ਲਈ ਕਿਹਾ। ਅੱਜ ਇੱਥੇ ਪ੍ਰੈੱਸ ਕਾਨਫਰੰਸ ’ਚ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਗ਼ੈਰ-ਭਾਜਪਾਈ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਕਦੇ ਕੇਂਦਰੀ ਫੰਡ ਰੋਕੇ ਜਾਂਦੇ ਹਨ ਅਤੇ ਕਦੇ ਰਾਜਪਾਲਾਂ ਜ਼ਰੀਏ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਸੀ ਅਤੇ ਅਦਾਲਤ ਨੇ ਮੰਨਿਆ ਕਿ ਕੇਸ ਚਲਾਉਣਾ ਨਹੀਂ ਬਣਦਾ ਸੀ। ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਮਰਾਟ ਚੌਧਰੀ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ ਜਿਸ ਵਿਰੁੱਧ ਕਤਲ ਦੇ ਸੱਤ ਮਾਮਲੇ ਦਰਜ ਹਨ ਅਤੇ ਉਹ ਜੇਲ੍ਹ ਵਿੱਚ ਰਹਿ ਚੁੱਕੇ ਹਨ। ਭਾਜਪਾ ਪੰਜਾਬ ’ਚ ਦਬਾਅ ਅਤੇ ਦਲਬਦਲੀ ਦਾ ਸਹਾਰਾ ਲੈ ਕੇ ਪਾਰਟੀ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਸੱਤਾ ਲਈ ਸੌੜੀ ਸਿਆਸਤ ਕਰ ਰਹੇ: ਕੇਜਰੀਵਾਲ
ਪੰਜਾਬ ਵਿੱਚ ਬੀਤੇ ਤਿੰਨ ਦਿਨਾਂ ਦੌਰਾਨ ‘ਆਪ’ ਦੇ ਦੋ ਆਗੂਆਂ ਦੇ ਟਿਕਾਣਿਆਂ ’ਤੇ ਈ ਡੀ ਵੱਲੋਂ ਮਾਰੇ ਗਏ ਛਾਪਿਆਂ ਨਾਲ ਸਿਆਸਤ ਭਖ ਗਈ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂਆਂ ਨੇ ਈ ਡੀ ਦੇ ਛਾਪਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰਾ ਮੁਲਕ ਦੇਖ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਲਈ ਸੌੜੀ ਸਿਆਸਤ ਕਰ ਰਹੇ ਹਨ। ਕੇਜਰੀਵਾਲ ਨੇ ‘ਐਕਸ’ ’ਤੇ ਸਵਾਲ ਕੀਤਾ, ‘‘ਕੀ ਪ੍ਰਧਾਨ ਮੰਤਰੀ ਇਹ ਦੱਸਣਗੇ ਕਿ ਆਗੂਆਂ ਦੇ ਘਰਾਂ ’ਤੇ ਮਾਰੇ ਗਏ ਅਣਗਿਣਤ ਛਾਪਿਆਂ ਵਿੱਚ ਕਿੰਨਾ ਕਾਲਾ ਧਨ ਬਰਾਮਦ ਹੋਇਆ ਹੈ? ‘ਆਪ’ ਆਗੂਆਂ ਤੋਂ ਕੀ ਇੱਕ ਵੀ ਰੁਪੱਈਆ ਨਹੀਂ ਮਿਲਿਆ? ਪੂਰਾ ਦੇਸ਼ ਉਸ ਸੌੜੀ ਸਿਆਸਤ ਦਾ ਗਵਾਹ ਬਣ ਰਿਹਾ ਹੈ ਜਿਸ ਵਿੱਚ ਤੁਸੀਂ ਸਿਰਫ਼ ਸੱਤਾ ਹਾਸਲ ਕਰਨਾ ਚਾਹੁੰਦੇ ਹੋ।’’ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਮੋਦੀ ਦੇ ‘ਤੋਤੇ’ ਸਰਗਰਮ ਹੋ ਗਏ ਹਨ। ਸੌਰਭ ਭਾਰਦਵਾਜ ਨੇ ਕਿਹਾ ਕਿ ਛਾਪੇ ਸਾਫ਼ ਨਮੂਨਾ ਹਨ ਕਿ ਕਿਵੇਂ ਭਾਜਪਾ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰਦੀ ਹੈ। ਆਤਿਸ਼ੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਭਾਜਪਾ ਦੀ ਹਾਰ ਦੇ ਡਰ ਅਤੇ ਕਾਇਰਤਾ ਨੂੰ ਦਰਸਾਉਂਦਾ ਹੈ। ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੁੱਲ੍ਹੇਆਮ ਤਾਨਾਸ਼ਾਹੀ ਦਾ ਐਲਾਨ ਕਰ ਦਿੱਤਾ ਹੈ।

