ਵਾਸ਼ਿੰਗਟਨ: ਭਾਰਤੀ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਪੈਨਸਿਲਵੇਨੀਆ ਵਿੱਚ ਯੂ ਐੱਸ ਆਰਮੀ ਵਾਰ ਕਾਲਜ ਦੇ ਕੌਮਾਂਤਰੀ ਹਾਲ ਆਫ਼ ਫੇਮ ਵਿੱਚ ਸ਼ਾਮਲ ਹੋ ਗਏ ਹਨ। ਉਹ ਤੀਜੇ ਭਾਰਤੀ ਫੌਜ ਮੁਖੀ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਤੋਂ ਪਹਿਲਾਂ ਜਨਰਲ ਵੀ ਕੇ ਸਿੰਘ ਤੇ ਜਨਰਲ ਬਿਕਰਮ ਸਿੰਘ ਨੂੰ ਇਹ ਮਾਣ ਹਾਸਲ ਹੈ। ਭਾਰਤੀ ਥਲ ਸੈਨਾ ਨੇ ਵੀ ਐਕਸ ’ਤੇ ਪੋਸਟ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ।
ਜਨਰਲ ਦਿਵੇਦੀ, ਜੋ ਅਮਰੀਕਾ ਦੀ ਫੇਰੀ ਉੱਤੇ ਹਨ, ਨੇ ਫੈਕਲਟੀ ਅਤੇ ਕੌਮਾਂਤਰੀ ਵਿਦਿਆਰਥੀ ਆਫੀਸਰਜ਼ ਲੀਡਰਸ਼ਿਪ, ਪੇਸ਼ੇਵਰ ਫੌਜੀ ਸਿੱਖਿਆ ਤੇ ਉਭਰਦੀਆਂ ਸੁਰੱਖਿਆ ਚੁਣੌਤੀਆਂ ਬਾਰੇ ਵੀ ਸੰਬੋਧਨ ਕੀਤਾ। ਉਨ੍ਹਾਂ ਇਸ ਹਫ਼ਤੇ ਆਪਣੀ ਫੇਰੀ ਦੀ ਸ਼ੁਰੂਆਤ ਹਵਾਈ ਤੋਂ ਕੀਤੀ ਸੀ, ਜਿੱਥੇ ਉਨ੍ਹਾਂ ਨੂੰ ਅਮਰੀਕੀ ਥਲ ਸੈਨਾ ਪ੍ਰਸ਼ਾਂਤ ਦੇ ਹੈੱਡ ਕੁਆਰਟਰ ਫੋਰਟ ਸ਼ਾਫ਼ਟਰ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ ਸੀ। ਉਨ੍ਹਾਂ ਜਨਰਲ ਰੋਨਾਲਡ ਪੀ ਕਲਾਰਕ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਸਹਿਯੋਗ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ। ਜਨਰਲ ਦਿਵੇਦੀ ਤੋਂ ਪਹਿਲਾਂ ਹਵਾਈ ਸੈਨਾ ਮੁਖੀ ਅਮਰ ਪ੍ਰੀਤ ਸਿੰਘ ਤੇ ਜਲ ਸੈਨਾ ਮੁਖੀ ਦਿਨੇਸ਼ ਤ੍ਰਿਪਾਠੀ ਅਮਰੀਕਾ ਦੀ ਫੇਰੀ ਲਾ ਕੇ ਗਏ ਹਨ, ਜੋ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਸਿਖਰਲੇ ਪੱਧਰ ਉੱਤੇ ਅਦਾਨ ਪ੍ਰਦਾਨ ਨੂੰ ਦਰਸਾਉਂਦਾ ਹੈ।

