America-Iran ਜੰਗ ਹੁਣ ਮੁੱਕਣ ਕੰਢੇ: Donald Trump

America-Iran ਜੰਗ ਹੁਣ ਮੁੱਕਣ ਕੰਢੇ: Donald Trump

ਕਾਹਿਰਾ/ਦੁਬਈ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਇਰਾਨ ਨਾਲ ਜੰਗ ਹੁਣ ਮੁੱਕਣ ਕੰਢੇ ਹੈ। ਉਨ੍ਹਾਂ ਕੁੱਲ ਆਲਮ ਨੂੰ ‘ਅਗਲੇ ਦੋ ਦਿਨਾਂ’ ਉੱਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ। ਉਧਰ ਪਾਕਿਸਤਾਨ ਨੇ ਵੀ ਪਰਦੇ ਪਿਛਲੇ ਕੂਟਨੀਤਕ ਯਤਨ ਤੇਜ਼ ਕਰ ਦਿੱਤੇ ਹਨ। ਪਾਕਿਸਤਾਨ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਦੀ ਅਗਵਾਈ ਵਾਲਾ ਵਫ਼ਦ ਵਾਸ਼ਿੰਗਟਨ ਦਾ ਸੁਨੇਹਾ ਲੈ ਕੇ ਤਹਿਰਾਨ ਪਹੁੰਚ ਗਿਆ ਹੈ। ਵਫ਼ਦ ਵਿੱਚ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਸ਼ਾਮਲ ਹਨ। ਦੋ ਹਫ਼ਤਿਆਂ ਦੀ ਜੰਗਬੰਦੀ 22 ਅਪਰੈਲ ਨੂੰ ਖ਼ਤਮ ਹੋ ਰਹੀ ਹੈ ਪਰ ਵਾਰਤਾਕਾਰ ਇਹ ਮਿਆਦ ਮੁੱਕਣ ਤੋਂ ਪਹਿਲਾਂ ਤਿੰਨ ਮੁੱਖ ਨੁਕਤਿਆਂ-ਇਰਾਨ ਦੇ ਪਰਮਾਣੂ ਪ੍ਰੋਗਰਾਮ, ਹਰਮੁਜ਼ ਜਲ ਮਾਰਗ ਤੇ ਜੰਗ ਦੌਰਾਨ ਹੋਏ ਨੁਕਸਾਨ ਦੇ ਮੁਆਵਜ਼ੇ ’ਤੇ ਕੰਮ ਕਰ ਰਹੇ ਹਨ। ਇਰਾਨ ਨੇ ਹਾਲਾਂਕਿ ਚਿਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਇਰਾਨੀ ਬੰਦਗਰਾਹਾਂ ਦੀ ਨਾਕਾਬੰਦੀ ਨਾ ਹਟਾਈ ਤਾਂ ਉਹ ਫ਼ਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ਤੋਂ ਹੁੰਦੇ ਵਪਾਰ (ਦਰਾਮਦ-ਬਰਾਮਦ) ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਉਧਰ ਇਜ਼ਰਾਈਲ ਨੇ ਵਾਸ਼ਿੰਗਟਨ ’ਚ ਗੱਲਬਾਤ ਮਗਰੋਂ ਵੀ ਦੱਖਣੀ ਲੈਬਨਾਨ ’ਚ ਹਵਾਈ ਤੇ ਜ਼ਮੀਨੀ ਹਮਲਿਆਂ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਰਾਨੀ ਬੰਦਰਗਾਹਾਂ ’ਤੇ ਅਮਰੀਕਾ ਦੀ ਨਾਕਾਬੰਦੀ ਅਤੇ ਇਰਾਨ ਦੀਆਂ ਜਵਾਬੀ ਧਮਕੀਆਂ ਨਾਲ ਭਾਵੇਂ ਜੰਗਬੰਦੀ ਸਮਝੌਤੇ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ, ਪਰ ਖੇਤਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਨੇ ਕੂਟਨੀਤਿਕ ਪੱਖੋਂ ਜੰਗਬੰਦੀ ਦੀ ਮਿਆਦ ਵਧਾਉਣ ਲਈ ‘ਸਿਧਾਂਤਕ ਸਮਝੌਤਾ’ ਕੀਤਾ ਹੈ।

ਇਰਾਨ ਦੀ ਜੁਆਇੰਟ ਮਿਲਟਰੀ ਕਮਾਂਡ ਦੇ ਕਮਾਂਡਰ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਨਾ ਕੀਤੇ ਜਾਣ ਦੀ ਸੂਰਤ ’ਚ ਉਹ ਫ਼ਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ’ਚ ਵਪਾਰਕ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਅਲੀ ਅਬਦੁੱਲਾ ਨੇ ਕਿਹਾ, ‘‘ਇਰਾਨ ਆਪਣੀ ਪ੍ਰਭੂਸੱਤਾ ਤੇ ਹਿੱਤਾਂ ਦੀ ਰਾਖੀ ਲਈ ਪੂਰੀ ਤਾਕਤ ਨਾਲ ਕਾਰਵਾਈ ਕਰੇਗਾ।’’ ਉਨ੍ਹਾਂ ਨਾਕਾਬੰਦੀ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ। ਅਮਰੀਕੀ ਸਦਰ ਡੋਨਲਡ ਟਰੰਪ ਨੇ ਫੌਕਸ ਬਿਜ਼ਨਸ ਨੈਟਵਰਕ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ‘ਉਹ (ਇਰਾਨ) ਸਮਝੌਤਾ ਕਰਨ ਲਈ ਪੱਬਾਂ ਭਾਰ ਹਨ।’ ਟਰੰਪ ਨੇ ਦਾਅਵਾ ਕੀਤਾ ਕਿ ਚੀਨ ਨੇ ਇਰਾਨ ਨੂੰ ਹਥਿਆਰ ਮੁਹੱਈਆ ਨਾ ਕਰਨ ਦੀ ਸਹਿਮਤੀ ਦਿੱੱਤੀ ਹੈ।

ਇਸ ਦੌਰਾਨ ਅਮਰੀਕੀ ਕੇਂਦਰੀ ਕਮਾਂਡ ਨੇ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਜਹਾਜ਼ ਨੇ ਅਮਰੀਕੀ ਨਾਕਾਬੰਦੀ ਨੂੰ ਪਾਰ ਨਹੀਂ ਕੀਤਾ ਤੇ ਕਈ ਬੇੜਿਆਂ ਨੂੰ ਮੋੜਿਆ ਗਿਆ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਇਰਾਨ ਨਾਲ ਸਬੰਧਤ ਅੱਠ ਤੇਲ ਟੈਂਕਰਾਂ ਨੂੰ ਰੋਕਿਆ ਗਿਆ ਹੈ। ਚੀਨ ਦੀ ਮਾਲਕੀ ਵਾਲੇ ਰਿਚ ਸਟਾਰੀ ਟੈਂਕਰ ਨੂੰ ਵੀ ਹਰਮੁਜ਼ ਜਲ ਮਾਰਗ ਤੋਂ ਵਾਪਸ ਜਾਂਦਿਆ ਦੇਖਿਆ ਗਿਆ ਹੈ।

ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਰਾਨ ਨਾਲ ਅਗਲੇ ਗੇੜ ਦੀ ਗੱਲਬਾਤ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਅਜੇ ਤੱਕ ਕੁਝ ਵੀ ਤਜਵੀਜ਼ਤ ਨਹੀਂ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕਿਹਾ ਕਿ ਅਮਰੀਕਾ-ਇਰਾਨ ਟਕਰਾਅ ਦੇ ਖ਼ਾਤਮੇ ਲਈ ‘ਸਾਡੇ ਆਗੂਆਂ ਨੇ ਹਾਰ ਨਹੀਂ ਮੰਨੀ’ ਤੇ ਕੋਸ਼ਿਸ਼ਾਂ ਜਾਰੀ ਹਨ। ਪਾਕਿਸਤਾਨ, ਇਰਾਨ ਤੇ ਕਈ ਖਾੜੀ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਅਮਰੀਕੀ ਟੀਮ ਨਾਲ ਗੱਲਬਾਤ ਜਾਰੀ ਹੈ ਤੇ ਇਰਾਨ ਇਸ ਹਫ਼ਤੇ ਇਸਲਾਮਾਬਾਦ ’ਚ ਵਾਰਤਾ ਦੀ ਮੇਜ਼ ਉੱਤੇ ਆ ਸਕਦਾ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਵਫ਼ਦ ਬੁੱਧਵਾਰ ਨੂੰ ਵਾਸ਼ਿੰਗਟਨ ਦੇ ਸੁਨੇਹੇ ਨਾਲ ਇਰਾਨ ਪਹੁੰਚ ਸਕਦਾ ਹੈ। ਵਾਸ਼ਿੰਗਟਨ ਵਿੱਚ ਲੈਬਨਾਨ ਨਾਲ ਗੱਲਬਾਤ ਮਗਰੋਂ ਵੀ ਇਜ਼ਰਾਈਲ ਨੇ ਲੈਬਨਾਨ ਵਿੱਚ ਹਵਾਈ ਤੇ ਜ਼ਮੀਨੀ ਹਮਲੇ ਜਾਰੀ ਰੱਖੇ ਹਨ। ਇਜ਼ਰਾਈਲ ਨੇ ਬੁੱਧਵਾਰ ਨੂੰ ਦੱਖਣੀ ਲੈਬਨਾਨ ਵਿੱਚ ਹਮਲੇ ਕੀਤੇ।

ਵਪਾਰਕ ਬੇੜਿਆਂ ’ਤੇ ਹਮਲੇ ਸਵੀਕਾਰ ਨਹੀਂ: ਜੈਸ਼ੰਕਰ

ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਇਸ ਦੇ ਵਿਸ਼ਵਵਿਆਪੀ ਸਿੱਟਿਆਂ ਦੇ ਪਿਛੋਕੜ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਸਮੁੰਦਰੀ ਜਹਾਜ਼ਾਂ ਦੀ ‘ਸੁਰੱਖਿਅਤ ਅਤੇ ਬੇਰੋਕ’ ਆਵਾਜਾਈ ਪ੍ਰਤੀ ਭਾਰਤ ਦੀ ਮਜ਼ਬੂਤ ​​ਵਚਨਬੱਧਤਾ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਪਾਰਕ ਜਹਾਜ਼ਾਂ ’ਤੇ ਹਮਲੇ ‘ਪੂਰੀ ਤਰ੍ਹਾਂ ਨਾਬਰਦਾਸ਼ਤਯੋਗ’ ਹਨ। ਜੈਸ਼ੰਕਰ ਨੇ ਉਪਰੋਕਤ ਟਿੱਪਣੀਆਂ ਜਾਪਾਨ ਵੱਲੋਂ ਕਰਵਾਈ ‘ਏਜ਼ੈੱਕ ਪਲੱਸ’ ਔਨਲਾਈਨ ਬੈਠਕ ਦੌਰਾਨ ਕੀਤੀਆਂ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਊਰਜਾ ਬਾਜ਼ਾਰਾਂ ਵਿੱਚ ਸਪਲਾਈ ਚੇਨਾਂ ’ਚ ਅੜਿੱਕਿਆਂ ਬਾਰੇ ਚਰਚਾ ਕੀਤੀ ਗਈ। ਜੈਸਵਾਲ ਨੇ ਕਿਹਾ ਕਿ ਜੈਸ਼ੰਕਰ ਨੇ ਲੰਘੇ ਦਿਨ ਆਪਣੇ ਇਜ਼ਰਾਇਲੀ ਹਮਰੁਤਬਾ ਗਿਡੌਨ ਸਾਰ ਨਾਲ ਵੀ ਗੱਲਬਾਤ ਕੀਤੀ ਤੇ ਇਸ ਦੌਰਾਨ ਪੱਛਮੀ ਏਸ਼ੀਆ ’ਚ ਟਕਰਾਅ ਬਾਰੇ ਵੱਖ ਵੱਖ ਪਹਿਲੂਆਂ ’ਤੇ ਚਰਚਾ ਹੋਈ। 

ਅਸੀਂ ਜੰਗ ਵਿੱਚ ਨਹੀਂ ਪਵਾਂਗੇ: ਸਟਾਰਮਰ

ਲੰਡਨ: ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਇਰਾਨ ਜੰਗ ਬਾਰੇ ਬਰਤਾਨੀਆ ਦਾ ਸਟੈਂਡ ਸ਼ੁਰੂ ਤੋਂ ਸਪਸ਼ਟ ਰਿਹਾ ਹੈ। ਯੂ ਕੇ ਇਸ ਜੰਗ ਵਿੱਚ ਨਹੀਂ ਪਏਗਾ ਕਿਉਂਕਿ ਇਹ ਉਨ੍ਹਾਂ ਦੀ ਜੰਗ ਨਹੀਂ ਹੈ। ਸਟਾਰਮਰ ਨੇ ਇਹ ਟਿੱਪਣੀਆਂ ਬਰਤਾਨਵੀ ਸੰਸਦ ਵਿੱਚ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰੇ ਉੱਤੇ ਬਹੁਤ ਦਬਾਅ ਪਾਇਆ ਗਿਆ। ਪਿਛਲੀ ਰਾਤ (ਟਰੰਪ ਦੀ ਇੰਟਰਵਿਊ) ਜੋ ਕੁਝ ਹੋਇਆ, ਮੈਂ ਆਪਣਾ ਫ਼ੈਸਲਾ ਨਹੀਂ ਬਦਲਾਂਗਾ। ਜੰਗ ’ਚ ਪੈਣਾ ਸਾਡੇ ਦੇਸ਼ ਹਿੱਤ ਵਿੱਚ ਨਹੀਂ ਹੈ ਤੇ ਅਸੀਂ ਅਜਿਹਾ ਨਹੀਂ ਕਰਾਂਗੇ।’’ ਇਰਾਨ ਖਿਲਾਫ਼ ਅਮਰੀਕੀ ਹਮਲਿਆਂ ’ਚ ਸ਼ਮੂਲੀਅਤ ਤੋਂ ਇਨਕਾਰ ਦੇ ਫ਼ੈਸਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂ ਕੇ ਨੂੰ ਦੋਵਾਂ ਮੁਲਕਾਂ ਦਰਮਿਆਨ ਪਿਛਲੇ ਸਾਲ ਵਪਾਰ ਸਮਝੌਤੇ ਨੂੰ ਲੈ ਕੇ ਬਣੀ ਸਹਿਮਤੀ ਉੱਤੇ ਨਜ਼ਰਸਾਨੀ ਦੀ ਧਮਕੀ ਦਿੱਤੀ ਹੈ।

Share: