ਅਮਰੀਕਾ ਨੇ ਹਮਲਾ ਕਰਕੇ ਜ਼ਬਤ ਕੀਤਾ ਇਰਾਨੀ ਜਹਾਜ਼ ; ਇਰਾਨ ਨੇ ਕਿਹਾ ਜਲਦ ਦੇਵਾਂਗੇ ਜਵਾਬ

ਅਮਰੀਕਾ ਨੇ ਹਮਲਾ ਕਰਕੇ ਜ਼ਬਤ ਕੀਤਾ ਇਰਾਨੀ ਜਹਾਜ਼ ; ਇਰਾਨ ਨੇ ਕਿਹਾ ਜਲਦ ਦੇਵਾਂਗੇ ਜਵਾਬ

ਅਮਰੀਕਾ ਨੇ ਐਤਵਾਰ ਨੂੰ ਇਰਾਨੀ ਝੰਡੇ ਵਾਲੇ ਇੱਕ ਮਾਲਵਾਹਕ ਜਹਾਜ਼ ਉੱਤੇ ਹਮਲਾ ਕਰਕੇ ਉਸਨੂੰ ਜ਼ਬਤ ਕਰ ਲਿਆ। ਅਮਰੀਕਾ ਦਾ ਕਹਿਣਾ ਹੈ ਕਿ ਇਸ ਜਹਾਜ਼ ਨੇ ਹੋਰਮੁਜ਼ ਜਲਮਾਰਗ ਕੋਲ ਕੀਤੀ ਗਈ ਸਮੁੰਦਰੀ ਘੇਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਜਵਾਬ ਵਿੱਚ ਇਰਾਨ ਦੀ ਸਾਂਝੀ ਸੈਨਾ ਕਮਾਂਡ ਨੇ ਕਿਹਾ ਹੈ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਤਣਾਅ ਫਿਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ।

ਪਿਛਲੇ ਹਫ਼ਤੇ ਇਰਾਨੀ ਬੰਦਰਗਾਹਾਂ ਦੀ ਅਮਰੀਕੀ ਘੇਰਾਬੰਦੀ ਸ਼ੁਰੂ ਹੋਣ ਤੋਂ ਬਾਅਦ, ਜਹਾਜ਼ ਨੂੰ ਰੋਕਣ ਦੀ ਇਹ ਪਹਿਲੀ ਘਟਨਾ ਹੈ। ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ, ਇਰਾਨ ਦੀ ਸਾਂਝੀ ਸੈਨਾ ਕਮਾਂਡ ਨੇ ਹਥਿਆਰਾਂ ਦੇ ਜ਼ੋਰ ‘ਤੇ ਜਹਾਜ਼ ਉੱਤੇ ਕਬਜ਼ਾ ਕਰਨ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਹੋਰਮੁਜ਼ ਜਲਮਾਰਗ ਨੂੰ ਲੈ ਕੇ ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਅਤੇ ਬੁੱਧਵਾਰ ਨੂੰ ਖ਼ਤਮ ਹੋ ਰਹੀ ਜੰਗਬੰਦੀ ਕਾਰਨ ਹਾਲਾਤ ਅਨਿਸ਼ਚਿਤ ਹੋ ਗਏ ਹਨ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਐਲਾਨ ਦਾ ਕੀ ਬਣੇਗਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਰਾਨ ਨਾਲ ਵਾਰਤਾ ਦੇ ਦੂਜੇ ਗੇੜ ਲਈ ਅਮਰੀਕੀ ਵਾਰਤਾਕਾਰ ਸੋਮਵਾਰ ਨੂੰ ਪਾਕਿਸਤਾਨ ਜਾਣਗੇ।

ਇਰਾਨ ਨੇ ਵਾਰਤਾ ਦੀ ਫੌਰੀ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਪਰ ਇਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਲੰਘੇ ਸ਼ਨਿੱਚਰਵਾਰ ਸਰਕਾਰੀ ਟੈਲੀਵਿਜ਼ਨ ’ਤੇ ਨਸ਼ਰ ਹੋਈ ਇਕ ਇੰਟਰਵਿਉੂ ਵਿੱਚ ਕਿਹਾ ‘‘ ਕੂਟਨੀਤੀ ਦੇ ਖੇਤਰ ਵਿੱਚ ਕੋਈ ਵਾਪਸੀ ਨਹੀਂ ਹੋਵੇਗੀ’’। ਨਾਲ ਹੀ ਉਨ੍ਹਾਂ ਕਬੂਲ ਕੀਤਾ ਕਿ ਦੋਵਾਂ ਧਿਰਾਂ ਵਿਚਕਾਰ ਬਹੁਤ ਵੱਡਾ ਖੱਪਾ ਬਰਕਰਾਰ ਹੈ।

ਦੱਸ ਦਈਏ ਕਿ ਇਰਾਨੀ ਫੌਜ ਨੇ ਸ਼ਨਿੱਚਰਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਇਰਾਨ ਨੇ ਹੋਰਮੁਜ਼ ਜਲਮਾਰਗ ਮੁੜ ਤੋਂ ਬੰਦ ਕਰ ਦਿੱਤਾ ਹੈ। ਇਹ ਕਦਮ ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਦੀ ਕੀਤੀ ਗਈ ਘੇਰਾਬੰਦੀ ਦੇ ਜਵਾਬ ਵਿੱਚ ਚੁੱਕਿਆ ਗਿਆ ਸੀ।

Share: