ਇਰਾਨ ਦਾ ਜੰਗੀ ਜਹਾਜ਼ IRIS ਲਾਵਨ ਇਸ ਵੇਲੇ ਭਾਰਤ ਵਿੱਚ; ਤਕਨੀਕੀ ਖਰਾਬੀ ਤੋਂ ਬਾਅਦ ਪੁੱਜਿਆ ਸੀ ਕੋਚੀ

ਇਰਾਨ ਦਾ ਜੰਗੀ ਜਹਾਜ਼ IRIS ਲਾਵਨ ਇਸ ਵੇਲੇ ਭਾਰਤ ਵਿੱਚ; ਤਕਨੀਕੀ ਖਰਾਬੀ ਤੋਂ ਬਾਅਦ ਪੁੱਜਿਆ ਸੀ ਕੋਚੀ

 ਇਰਾਨ ਦਾ ਇੱਕ ਜੰਗੀ ਜਹਾਜ਼ IRIS ਲਾਵਨ ਇਸ ਵੇਲੇ ਭਾਰਤ ਦੇ ਦੌਰੇ ’ਤੇ ਹੈ। ANI ਦੀ ਰਿਪੋਰਟ ਅਨੁਸਾਰ ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਰਾਨ ਨੇ 28 ਫਰਵਰੀ ਨੂੰ ਭਾਰਤ ਤੋਂ ਮਦਦ ਮੰਗੀ ਸੀ। ਭਾਰਤ ਨੇ ਮਨੁੱਖੀ ਅਤੇ ਤਕਨੀਕੀ ਆਧਾਰ ’ਤੇ ਪਹਿਲੀ ਮਾਰਚ ਨੂੰ ਇਜਾਜ਼ਤ ਦਿੱਤੀ ਜਿਸ ਤੋਂ ਬਾਅਦ 4 ਮਾਰਚ ਨੂੰ ਇਹ ਜਹਾਜ਼ ਕੇਰਲ ਦੇ ਕੋਚੀ ਬੰਦਰਗਾਹ ’ਤੇ ਪਹੁੰਚ ਗਿਆ। ਰਿਪੋਰਟਾਂ ਮੁਤਾਬਕ ਇਸ ਇਰਾਨੀ ਜਹਾਜ਼ ’ਤੇ ਕੁੱਲ 183 ਫੌਜੀ ਸਵਾਰ ਹਨ। ਕੋਚੀ ਪਹੁੰਚਣ ਤੋਂ ਤੁਰੰਤ ਬਾਅਦ ਜਹਾਜ਼ ਦੀ ਤਕਨੀਕੀ ਜਾਂਚ ਅਤੇ ਮੁਰੰਮਤ ਨਾਲ ਸਬੰਧਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀ ਅਧਿਕਾਰੀ ਅਤੇ ਜਲ ਸੈਨਾ ਜਹਾਜ਼ ਦੀ ਸਥਿਤੀ ਅਤੇ ਉਸ ਦੇ ਚਾਲਕ ਦਲ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਿਜ਼ਬੁੱਲ੍ਹਾ ਨੇ ਅੱਧੀ ਰਾਤ ਤੋਂ ਬਾਅਦ ਉਸ ਦੇ ਇਲਾਕਿਆਂ ਵੱਲ ਲਗਪਗ 70 ਰਾਕੇਟ ਦਾਗੇ ਹਨ। ਇਜ਼ਰਾਈਲੀ ਫ਼ੌਜ ਅਨੁਸਾਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਰਾਕੇਟ ਦੱਖਣੀ ਲਿਬਨਾਨ ਦੇ ਖੇਤਰਾਂ ਤੋਂ ਛੱਡੇ ਗਏ ਸਨ। ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਹਫ਼ਤੇ ਲਿਬਨਾਨ ਵਿੱਚ ਸ਼ੁਰੂ ਕੀਤੀ ਗਈ ਫ਼ੌਜੀ ਕਾਰਵਾਈ ਦੌਰਾਨ ਉਸ ਦੀ ਸੈਨਾ ਨੇ ਪੂਰੇ ਦੇਸ਼ ਵਿੱਚ 500 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। 

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਇਰਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੀ ਸੰਭਾਵਨਾ ਨੂੰ ਲਗਪਗ ਖ਼ਤਮ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਵਿੱਚ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਿੰਨੀ ਦੇਰ ਤੱਕ ਤਹਿਰਾਨ (ਇਰਾਨ ਦੀ ਸਰਕਾਰ) ਬਿਨਾਂ ਕਿਸੇ ਸ਼ਰਤ ਦੇ ਪੂਰੀ ਤਰ੍ਹਾਂ ਆਤਮ ਸਮਰਪਣ ਨਹੀਂ ਕਰਦੀ, ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋਵੇਗਾ। ਟਰੰਪ ਦੇ ਇਸ ਬਿਆਨ ਨੇ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਛੇੜ ਦਿੱਤੀ ਹੈ ਕਿਉਂਕਿ ਟਰੰਪ ਨੇ ਇਰਾਨੀ ਲੀਡਰਸ਼ਿਪ ਦੇ ਬਦਲਾਅ ਦੀ ਗੱਲ ਵੀ ਸੰਕੇਤਾਂ ਵਿੱਚ ਕਹੀ ਹੈ।

ਟਰੰਪ ਨੇ ਅੱਗੇ ਲਿਖਿਆ ਕਿ ਇਰਾਨ ਦੇ ਆਤਮ ਸਮਰਪਣ ਅਤੇ ਇੱਕ ਮਹਾਨ ਤੇ ਸਵੀਕਾਰਯੋਗ ਨੇਤਾ ਦੀ ਚੋਣ ਤੋਂ ਬਾਅਦ ਹੀ ਅਮਰੀਕਾ ਆਪਣੇ ਬਹਾਦਰ ਸਹਿਯੋਗੀਆਂ ਅਤੇ ਸਾਥੀਆਂ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਰਾਨ ਨੂੰ ਤਬਾਹੀ ਦੇ ਕੰਢੇ ਤੋਂ ਵਾਪਸ ਲਿਆਉਣ ਅਤੇ ਉਸ ਨੂੰ ਆਰਥਿਕ ਤੌਰ ’ਤੇ ਪਹਿਲਾਂ ਨਾਲੋਂ ਕਿਤੇ ਬਿਹਤਰ ਅਤੇ ਮਜ਼ਬੂਤ ​​ਬਣਾਉਣ ਲਈ ਅਣਥੱਕ ਮਿਹਨਤ ਕਰਨਗੇ। ਫਿਲਹਾਲ ਅਮਰੀਕਾ ਦਾ ਰੁਖ਼ ਇਰਾਨ ਪ੍ਰਤੀ ਬਹੁਤ ਜ਼ਿਆਦਾ ਸਖ਼ਤ ਨਜ਼ਰ ਆ ਰਿਹਾ ਹੈ। ਲਿਬਨਾਨ ਦੀ ਸਰਹੱਦ ਨੇੜੇ ਹੋਏ ਇੱਕ ਹਮਲੇ ਵਿੱਚ ਇਜ਼ਰਾਈਲ ਦੇ 8 ਸੈਨਿਕ ਜ਼ਖ਼ਮੀ ਹੋ ਗਏ ਹਨ। ਇਜ਼ਰਾਈਲੀ ਫ਼ੌਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਰਹੱਦ ਪਾਰ ਤੋਂ ਇੱਕ ਐਂਟੀ-ਟੈਂਕ ਮਿਜ਼ਾਈਲ ਦਾਗੀ ਗਈ।

ਇਰਾਨ ਨੇ ਗੁਆਂਢੀ ਦੇਸ਼ ਇਰਾਕ ਦੇ ਕੁਰਦਿਸਤਾਨ ਇਲਾਕੇ ਵਿੱਚ ਹਥਿਆਰਬੰਦ ਕੁਰਦ ਸਮੂਹਾਂ ਦੇ ਟਿਕਾਣਿਆਂ ’ਤੇ ਕਈ ਮਿਜ਼ਾਈਲ ਹਮਲੇ ਕੀਤੇ।

ਇਰਾਨ ਨਾਲ ਵਧਦੇ ਟਕਰਾਅ ਦੇ ਮੱਦੇਨਜ਼ਰ, ਅਮਰੀਕਾ ਨੇ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖਰੀਦਣ ਲਈ 30 ਦਿਨਾਂ ਦੀ ਆਰਜ਼ੀ ਛੋਟ (Waiver) ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਵੀਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਊਰਜਾ ਏਜੰਡੇ ਕਾਰਨ ਤੇਲ ਉਤਪਾਦਨ ਰਿਕਾਰਡ ਪੱਧਰ ’ਤੇ ਹੈ, ਪਰ ਗਲੋਬਲ ਮਾਰਕੀਟ ਵਿੱਚ ਤੇਲ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਬੇਸੈਂਟ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਸੋਚਿਆ-ਸਮਝਿਆ ਕਦਮ ਹੈ, ਜਿਸ ਨਾਲ ਰੂਸ ਨੂੰ ਕੋਈ ਵੱਡਾ ਵਿੱਤੀ ਫਾਇਦਾ ਨਹੀਂ ਹੋਵੇਗਾ ਕਿਉਂਕਿ ਇਹ ਸਿਰਫ਼ ਉਸ ਤੇਲ ਦੇ ਲੈਣ-ਦੇਣ ਲਈ ਹੈ ਜੋ ਪਹਿਲਾਂ ਹੀ ਸਮੁੰਦਰੀ ਰਸਤੇ ਵਿੱਚ ਫਸਿਆ ਹੋਇਆ ਹੈ।ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨੂੰ ਇੱਕ ਮਹੱਤਵਪੂਰਨ ਸਾਂਝੇਦਾਰ ਦੱਸਦਿਆਂ ਉਮੀਦ ਜਤਾਈ ਹੈ ਕਿ ਨਵੀਂ ਦਿੱਲੀ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਤੇਲ ਦੀ ਖਰੀਦ ਵਿੱਚ ਵਾਧਾ ਕਰੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ ਤੋਂ ਤੇਲ ਖਰੀਦਣ ਕਾਰਨ ਅਮਰੀਕਾ ਨੇ ਭਾਰਤ ’ਤੇ 25 ਫੀਸਦੀ ਟੈਰਿਫ ਲਗਾਇਆ ਸੀ, ਜਿਸ ਨੂੰ ਪਿਛਲੇ ਮਹੀਨੇ ਇੱਕ ਅੰਤਰਿਮ ਵਪਾਰਕ ਸਮਝੌਤੇ ਤੋਂ ਬਾਅਦ ਹਟਾ ਲਿਆ ਗਿਆ ਸੀ। ਇਸ ਛੋਟ ਦਾ ਮੁੱਖ ਮਕਸਦ ਇਰਾਨ ਵੱਲੋਂ ਵਿਸ਼ਵ ਊਰਜਾ ਸਪਲਾਈ ਵਿੱਚ ਪੈਦਾ ਕੀਤੇ ਜਾ ਰਹੇ ਦਬਾਅ ਨੂੰ ਘੱਟ ਕਰਨਾ ਹੈ, ਜਦੋਂਕਿ ਭਾਰਤ ਨੇ ਵੀ ਰੂਸ ’ਤੇ ਨਿਰਭਰਤਾ ਘਟਾ ਕੇ ਅਮਰੀਕੀ ਊਰਜਾ ਉਤਪਾਦਾਂ ਨੂੰ ਅਪਣਾਉਣ ਦੀ ਵਚਨਬੱਧਤਾ ਦਹੁਰਾਈ ਹੈ।

Share: