ਇਜ਼ਰਾਈਲ ਵੱਲੋਂ ਕੀਤੇ ਗਏ ਇੱਕ ਵੱਡੇ ਹਮਲੇ ਵਿੱਚ ਇਰਾਨ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਸੁਰੱਖਿਆ ਅਧਿਕਾਰੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ ਅਤੇ ਬਸੀਜ ਫੋਰਸ ਦੇ ਮੁਖੀ ਜਨਰਲ ਗੁਲਾਮ ਰਜ਼ਾ ਸੁਲੇਮਾਨੀ ਮਾਰੇ ਗਏ ਹਨ। ਇਸ ਕਾਰਵਾਈ ਦੇ ਜਵਾਬ ਵਿੱਚ ਇਰਾਨ ਨੇ ਬੁੱਧਵਾਰ ਨੂੰ ਇਜ਼ਰਾਈਲ, ਸਾਊਦੀ ਅਰਬ ਅਤੇ ਕੁਵੈਤ ਸਮੇਤ ਕਈ ਖਾੜੀ ਦੇਸ਼ਾਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਬੌਛਾਰ ਕਰ ਦਿੱਤੀ।
ਇਜ਼ਰਾਈਲ ਦੇ ਰਾਮਤ ਗਨ ਇਲਾਕੇ ਵਿੱਚ ਹੋਏ ਧਮਾਕਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਦੁਬਈ ਅਤੇ ਹੋਰ ਅਰਬ ਦੇਸ਼ਾਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ ਰਾਹੀਂ ਕਈ ਇਰਾਨੀ ਮਿਜ਼ਾਈਲਾਂ ਨੂੰ ਰਸਤੇ ਵਿੱਚ ਹੀ ਡੇਗ ਦਿੱਤਾ ਗਿਆ।ਇਸ ਜੰਗ ਕਾਰਨ ਵਿਸ਼ਵ ਪੱਧਰ ’ਤੇ ਊਰਜਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਬਿਆਨ ’ਚ ਕਿਹਾ ਕਿ ਦੋਵੇਂ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਅਤੇ ਜਨਰਲ ਗੁਲਾਮ ਰਜ਼ਾ ਸੁਲੇਮਾਨੀ ਲੰਘੀ ਰਾਤ ਮਾਰੇ ਗਏ ਹਨ। ਇਰਾਨ ਦੇ ਸਰਕਾਰੀ ਮੀਡੀਆ ਨੇ ਹਾਲਾਂਕਿ ਦੋਵਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ, ਸਿਰਫ ਇੰਨਾ ਹੀ ਕਿਹਾ ਗਿਆ ਕਿ ਲਾਰੀਜਾਨੀ ਦੇ ਦਫ਼ਤਰ ਵੱਲੋਂ ਜਲਦੀ ਕੋਈ ਬਿਆਨ ਦਿੱਤਾ ਜਾਵੇਗਾ। ਇਜ਼ਰਾਈਲ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਇਜ਼ਰਾਇਲੀ ਫੌਜ ਨੇ ਤਹਿਰਾਨ ਤੇ ਲਿਬਨਾਨ ਵਿੱਚ ਇਰਾਨ ਹਮਾਇਤੀ ਹਿਜ਼ਬੁੱਲਾ ਦਹਿਸ਼ਤਗਰਦਾਂ ਖ਼ਿਲਾਫ਼ ਹਮਲੇ ਤੇਜ਼ ਕੀਤੇ ਹਨ।
ਲਾਰੀਜਾਨੀ ਇਰਾਨ ਦੇ ਸਭ ਤੋਂ ਮਕਬੂਲ ਸਿਆਸੀ ਪਰਿਵਾਰਾਂ ’ਚੋਂ ਇਕ ਨਾਲ ਸਬੰਧ ਰੱਖਦਾ ਸੀ। ਸਾਬਕਾ ਸੰਸਦੀ ਸਪੀਕਰ ਤੇ ਸੀਨੀਅਰ ਨੀਤੀ ਸਲਾਹਕਾਰ ਲਾਰੀਜਾਨੀ ਨੂੰ ਟਰੰਪ ਪ੍ਰਸ਼ਾਸਨ ਨਾਲ ਪਰਮਾਣੂ ਗੱਲਬਾਤ ਲਈ ਮਰਹੂਮ ਖਮੇਨੇਈ ਦਾ ਰਣਨੀਤਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਸੁਲੇਮਾਨੀ ਬਾਸਿਜ ਮਿਲੀਸ਼ੀਆ ਬਲਾਂ ਦਾ ਮੁਖੀ ਸੀ। ਇਰਾਨ ਵਿੱਚ ਹਾਲੀਆ ਪ੍ਰਦਰਸ਼ਨਾਂ ਨੂੰ ਦਬਾਉਣ ਵਿਚ ਬਾਸਿਜ ਬਲਾਂ ਦੀ ਅਹਿਮ ਭੂਮਿਕਾ ਸੀ। ਇਜ਼ਰਾਈਲ ਨੇ ਇਰਾਨ ਵੱਲੋਂ ਵੱਡੇ ਤੜਕੇ ਤਲ ਅਵੀਵ ਤੇ ਹੋਰਨਾਂ ਟਿਕਾਣਿਆਂ ਵੱਲ ਦੋ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕੀਤਾ ਹੈ। ਹਿਜ਼ਬੁੱਲਾ ਨੇ ਵੀ ਇਜ਼ਰਾਈਲ ਦੇ ਉੱਤਰ ਨੂੰ ਨਿਸ਼ਾਨਾ ਬਣਾਇਆ ਹੈ।
ਉੱਧਰ, ਇਰਾਨ ਤੋਂ ਆਉਣ ਵਾਲੀਆਂ ਮਿਜ਼ਾਈਲਾਂ ਕਰਕੇ ਦੁਬਈ, ਜੋ ਕੌਮਾਂਤਰੀ ਯਾਤਰਾ ਲਈ ਪ੍ਰਮੁੱਖ ਆਵਾਜਾਈ ਕੇਂਦਰ ਹੈ, ਨੂੰ ਆਪਣਾ ਹਵਾਈ ਖੇਤਰ ਥੋੜ੍ਹੇ ਸਮੇਂ ਲਈ ਬੰਦ ਕਰਨਾ ਪਿਆ, ਹਾਲਾਂਕਿ ਇਸ ਰੋਕ ਨੂੰ ਜਲਦੀ ਹੀ ਹਟਾ ਦਿੱਤਾ ਗਿਆ। ਇਸ ਦੌਰਾਨ ਇਰਾਨ ਨੇ ਆਪਣੇ ਖਾੜੀ ਅਰਬ ਮੁਲਕਾਂ ’ਤੇ ਹਮਲਿਆਂ ਨਾਲ ਊਰਜਾ ਬੁਨਿਆਦੀ ਢਾਂਚੇ ’ਤੇ ਦਬਾਅ ਬਣਾ ਕੇ ਰੱਖਿਆ ਹੈ। ਇਰਾਨ ਨੇ ਓਮਾਨ ਦੀ ਖਾੜੀ ਨਾਲ ਲੱਗਦੇ ਯੂ ਏ ਈ ਦੇ ਪੂਰਬੀ ਸਾਹਿਲ ਉੱਤੇ ਫੁਜੇਰਾਹ ਵਿੱਚ ਤੇਲ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ। ਡਰੋਨ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ਹੇਰ ਕਲੀਬਾਫ਼ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਕੋਲ ਹਰਮੁਜ਼ ਜਲ ਮਾਰਗ ਤੋਂ ਲੰਘਦੇ ਬੇੜਿਆਂ ਦੀ ਆਵਾਜਾਈ ’ਤੇ ਦਬਾਅ ਬਣਾਉਣ ਤੋਂ ਛੁਟ ਕੋਈ ਚਾਰਾ ਨਹੀਂ ਹੈ।

