West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ

West Asia Conflict: ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਦੀ ਸੁਰੱਖਿਆ ਲਈ 7 ਦੇਸ਼ਾਂ ਨੂੰ ਅਪੀਲ;ਆਸਟਰੇਲੀਆ ਨੇ ਕੀਤਾ ਇਨਕਾਰ

ਆਸਟਰੇਲੀਆ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਰਾਨ ਨਾਲ ਜਾਰੀ ਜੰਗ ਦਰਮਿਆਨ ਹਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੁੱਲ੍ਹਵਾਉਣ ਲਈ ਆਪਣੇ ਜੰਗੀ ਬੇੜੇ ਨਹੀਂ ਭੇਜੇਗਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਕੈਬਨਿਟ ਮੰਤਰੀ ਕੈਥਰੀਨ ਕਿੰਗ ਨੇ ਸਰਕਾਰੀ ਪ੍ਰਸਾਰਕ ਏਬੀਸੀ (ABC) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਭਾਵੇਂ ਇਹ ਸਮੁੰਦਰੀ ਰਸਤਾ ਵਿਸ਼ਵ ਵਪਾਰ ਲਈ ਬਹੁਤ ਮਹੱਤਵਪੂਰਨ ਹੈ, ਪਰ ਆਸਟਰੇਲੀਆ ਇਸ ਮਿਸ਼ਨ ਵਿੱਚ ਕੋਈ ਜਹਾਜ਼ ਨਹੀਂ ਭੇਜ ਰਿਹਾ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਇਰਾਨ ਦੇ ਖਿਲਾਫ ਸ਼ੁਰੂ ਹੋਈ ਜੰਗ ਤੋਂ ਬਾਅਦ ਇਹ ਰਸਤਾ ਪਿਛਲੇ ਕਈ ਹਫ਼ਤਿਆਂ ਤੋਂ ਬੰਦ ਹੈ, ਜਿੱਥੋਂ ਦੁਨੀਆ ਦਾ ਲਗਭਗ ਪੰਜਵਾਂ ਹਿੱਸਾ ਤੇਲ ਅਤੇ ਕੁਦਰਤੀ ਗੈਸ ਲੰਘਦੀ ਹੈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਕੌਮਾਂਤਰੀ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਜੰਗੀ ਬੇੜਿਆਂ ਦੀ ਸੁਰੱਖਿਆ ਹੇਠ ਵਪਾਰਕ ਜਹਾਜ਼ਾਂ ਨੂੰ ਇਸ ਰਸਤੇ ਤੋਂ ਕੱਢਿਆ ਜਾ ਸਕੇ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਹਰਮੁਜ਼ ਜਲ ਮਾਰਗ (Strait of Hormuz) ਨੂੰ ਖੁੱਲ੍ਹਾ ਰੱਖਣ ਲਈ ਲਗਭਗ ਸੱਤ ਦੇਸ਼ਾਂ ਤੋਂ ਜੰਗੀ ਬੇੜੇ ਭੇਜਣ ਦੀ ਮੰਗ ਕੀਤੀ ਹੈ। ਹਾਲਾਂਕਿ, ਇਰਾਨ ਨਾਲ ਜਾਰੀ ਜੰਗ ਕਾਰਨ ਵਧ ਰਹੀਆਂ ਤੇਲ ਕੀਮਤਾਂ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਦੇਸ਼ ਨੇ ਇਸ ਗਠਜੋੜ ਵਿੱਚ ਸ਼ਾਮਲ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ‘ਏਅਰ ਫੋਰਸ ਵਨ’ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਚੀਨ ਵਰਗੇ ਦੇਸ਼ ਆਪਣੀ ਤੇਲ ਲੋੜਾਂ ਲਈ 90 ਫੀਸਦੀ ਇਸੇ ਰਸਤੇ ’ਤੇ ਨਿਰਭਰ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਹਿੱਤਾਂ ਦੀ ਰੱਖਿਆ ਕਰਨ। ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਸਤਾ ਸਿਰਫ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਲਈ ਬੰਦ ਹੈ ਅਤੇ ਉਹ ਫਿਲਹਾਲ ਵਾਸ਼ਿੰਗਟਨ ਨਾਲ ਕਿਸੇ ਵੀ ਗੱਲਬਾਤ ਦੇ ਹੱਕ ਵਿੱਚ ਨਹੀਂ ਹਨ।

ਖੇਤਰ ਵਿੱਚ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਡਰੋਨ ਹਮਲੇ ਕਾਰਨ ਤੇਲ ਟੈਂਕਰ ਨੂੰ ਅੱਗ ਲੱਗ ਗਈ, ਜਿਸ ਕਾਰਨ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ। ਇਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ (UAE) ਅਤੇ ਸਾਊਦੀ ਅਰਬ ਵਰਗੇ ਗੁਆਂਢੀ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਇਸ ਦੌਰਾਨ ਕੌਮਾਂਤਰੀ ਊਰਜਾ ਏਜੰਸੀ (IEA) ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ 412 ਮਿਲੀਅਨ ਬੈਰਲ ਦਾ ਐਮਰਜੈਂਸੀ ਸਟਾਕ ਮਾਰਕੀਟ ਵਿੱਚ ਛੱਡਣ ਦਾ ਫੈਸਲਾ ਕੀਤਾ ਹੈ। ਜੰਗ ਦੇ ਕਾਰਨ ਖੇਤਰ ਵਿੱਚ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ; ਇਰਾਨ ਵਿੱਚ 1,300 ਤੋਂ ਵੱਧ ਅਤੇ ਲੇਬਨਾਨ ਵਿੱਚ 820 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂਕਿ ਇਜ਼ਰਾਈਲ ਵਿੱਚ ਵੀ ਇਰਾਨੀ ਮਿਜ਼ਾਈਲ ਹਮਲਿਆਂ ਕਾਰਨ ਭਾਰੀ ਨੁਕਸਾਨ ਦੀਆਂ ਖ਼ਬਰਾਂ ਹਨ।

Share: