ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਸ਼ਨਿੱਚਰਵਾਰ ਨੂੰ ਦੇਸ਼ ਵਿਆਪੀ ਮੌਸਮ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਕਈ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਹਨੇਰੀ-ਝੱਖੜ, ਮੀਂਹ, ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਪਣੇ ਤਾਜ਼ਾ ਮੌਸਮ ਬੁਲੇਟਿਨ ਵਿੱਚ ਮੌੌਸਮ ਵਿਭਾਗ ਨੇ ਦੇਸ਼ ਦੇ ਪੂਰਬੀ, ਮੱਧ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਭਾਰੀ ਮੀਂਹ, ਹਨੇਰੀ-ਝੱਖੜ ਅਤੇ ਗੜੇਮਾਰੀ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਅਨੁਸਾਰ, ਹਿਮਾਲਿਆ ਦੇ ਹੇਠਾਂ ਵਾਲੇ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 21 ਤੋਂ 24 ਮਾਰਚ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਅੱਜ ਕੁਝ ਥਾਵਾਂ ’ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਪੱਛਮੀ ਬੰਗਾਲ (ਗੰਗਾ ਦੇ ਇਲਾਕਿਆਂ) ਦੇ ਹਿੱਸਿਆਂ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਜਦਕਿ ਉੜੀਸਾ ਵਿੱਚ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਗੜੇਮਾਰੀ ਹੋ ਸਕਦੀ ਹੈ। ਉੱਤਰ-ਪੂਰਬੀ ਭਾਰਤ ਦੇ ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਨਾਲ ਵੱਡੇ ਪੱਧਰ ਉੱਤੇ ਮੀਂਹ ਪੈਣ ਦੀ ਪੇਸ਼ੀਨਗੋਈ ਹੈ, ਜਦਕਿ 24 ਮਾਰਚ ਨੂੰ ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਸਮੇਤ ਪੂਰਬੀ ਅਤੇ ਮੱਧ ਭਾਰਤ ਵਿੱਚ ਵੀ ਅਗਲੇ ਕੁਝ ਦਿਨਾਂ ‘ਚ ਤੇਜ਼ ਹਵਾਵਾਂ ਦੇ ਨਾਲ ਰੁਕ-ਰੁਕ ਕੇ ਮੀਂਹ ਹੋਣ ਦੀ ਉਮੀਦ ਹੈ।
ਉੱਥੇ ਹੀ 23 ਮਾਰਚ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਉੱਤਰ ਪ੍ਰਦੇਸ਼ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਕਾਫ਼ੀ ਵਿਆਪਕ ਮੀਂਹ ਦੇਖਣ ਨੂੰ ਮਿਲ ਸਕਦਾ ਹੈ।
ਮੌਸਮ ਵਿਭਾਗ ਦੇ ਵਿਗਿਆਨੀ ਅਖਿਲ ਸ੍ਰੀਵਾਸਤਵ ਨੇ ਕਿਹਾ, ‘ਦਿੱਲੀ ਵਿੱਚ ਕੱਲ੍ਹ ਮੀਂਹ ਪਿਆ ਸੀ, ਜਿਸ ਦੇ ਨਤੀਜੇ ਵਜੋਂ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਈ ਹੈ। ਅੱਜ ਸ਼ਾਮ ਦੌਰਾਨ ਇਸੇ ਤਰ੍ਹਾਂ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਦਿੱਲੀ ਵਿੱਚ ਭਲਕ ਤੋਂ ਮੀਂਹ ਦੀ ਸੰਭਾਵਨਾ ਘੱਟ ਜਾਵੇਗੀ।’
ਸ੍ਰੀਵਾਸਤਵ ਨੇ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਲਈ ਹਨੇਰੀ-ਝੱਖੜ, ਤੇਜ਼ ਹਵਾਵਾਂ ਅਤੇ ਗੜੇਮਾਰੀ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰਬੀ ਭਾਰਤ ਵਿੱਚ ਹਵਾ ਦੀ ਰਫ਼ਤਾਰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਦੂਜੇ ਪਾਸੇ, ਦੱਖਣੀ ਸੂਬਿਆਂ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਵੀ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਹੈ।

