ਸੱਥਾਂ ਵਿੱਚੋਂ ਕਰਾਂਗੇ ਪ੍ਰੋਗਰਾਮ: ਭਗਵੰਤ ਮਾਨ

ਸੱਥਾਂ ਵਿੱਚੋਂ ਕਰਾਂਗੇ ਪ੍ਰੋਗਰਾਮ: ਭਗਵੰਤ ਮਾਨ

ਧੂਰੀ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੀ ਆਰਥਿਕਤਾ ਪੈਰਾਂ ਸਿਰ ਕਰਨ ਦਾ ਦਾਅਵਾ ਕਰਦਿਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ’ਤੇ ਪੰਜਾਬ ਨੂੰ ਲੁੱਟਣ ਦੇ ਦੋਸ਼ ਲਾਏ। ਉਨ੍ਹਾਂ ਅੱਜ ਹਲਕਾ ਧੂਰੀ ਦੇ ਪਿੰਡ ਭੁੱਲਰਹੇੜੀ ਦੀ ਸੱਥ ਵਿੱਚੋਂ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਚਿੱਟਾ ਆਇਆ ਅਤੇ ਕਾਂਗਰਸ ਦੇ ਕਾਰਜਕਾਲ ’ਚ ਇਹ ਕਾਰੋਬਾਰ ਹੋਰ ਵਧਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਬਿਜਲੀ ਸਬੰਧੀ ਹੋਏ ਲੋਕ ਵਿਰੋਧੀ ਸਮਝੌਤਿਆਂ ਨੂੰ ‘ਆਪ’ ਸਰਕਾਰ ਨੇ ਰੱਦ ਕੀਤਾ ਅਤੇ 540 ਮੈਗਾਵਾਟ ਦਾ ਥਰਮਲ ਬਹੁਤ ਵਾਜਬ ਕੀਮਤ ’ਤੇ ਖਰੀਦਿਆ ਜਿਸ ਦੀ ਬਦੌਲਤ ਬਿਜਲੀ ਮਹਿਜ਼ 2.54 ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਉਨ੍ਹਾਂ ਅਕਾਲੀ-ਕਾਂਗਰਸੀਆਂ ਦੀ ਐੱਸ ਵਾਈ ਐਲ ਨਹਿਰ ਸਬੰਧੀ ਨਾਂਹ-ਪੱਖੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਵਿੱਖ ’ਚ ਉਹ ਆਪਣੇ ਪ੍ਰੋਗਰਾਮ ਟੈਂਟਾਂ ’ਚੋਂ ਨਹੀਂ ਸਗੋਂ ਸੱਥਾਂ ਵਿੱਚ ਜਾ ਕੇ ਕਰਨਗੇ।

ਸਿੱਖਿਆ ਖੇਤਰ ’ਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਸਰਵੇ ਦੌਰਾਨ ਸਿੱਖਿਆ ਖੇਤਰ ਵਿੱਚ ਪਿੱਛੇ ਚੱਲ ਰਿਹਾ ਪੰਜਾਬ ਇਸ ਵਾਰ ਪਹਿਲੇ ਸਥਾਨ ’ਤੇ ਹੈ ਜਦੋਂ ਕਿ ਕੇਰਲਾ ਦੂਜੇ ਸਥਾਨ ’ਤੇ ਚਲਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਤਕਰੀਬਨ ਤਿੰਨ ਸੌ ਵਿਦਿਆਰਥੀਆਂ ਨੇ ਉਹ ਵੱਕਾਰੀ ਟੈਸਟ ਪਾਸ ਕੀਤੇ ਹਨ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਗਿਆ ਸੀ। ਇਸ ਮੌਕੇ ਉਨ੍ਹਾਂ ਪਿੰਡ ਭੁੱਲਰਹੇੜੀ ਨੂੰ 52.09 ਲੱਖ, ਭੋਜੋਵਾਲੀ ਨੂੰ 52.56 ਲੱਖ, ਪਲਾਸੌਰ ਨੂੰ 44.06 ਲੱਖ, ਕੌਲਸੇੜੀ ਨੂੰ 61.98 ਲੱਖ, ਧੂਰਾ ਨੂੰ 69.76 ਲੱਖ, ਭੱਦਲਵੜ ਨੂੰ 17.25 ਲੱਖ, ਰਾਜੋਮਾਜਰਾ ਨੂੰ 53.01 ਲੱਖ, ਬਨਭੌਰੀ ਨੂੰ 60.57 ਲੱਖ, ਬਰੜਵਾਲ ਨੂੰ 25 ਲੱਖ ਅਤੇ ਭਸੌੜ ਨੂੰ 76.77 ਲੱਖ ਦੀਆਂ ਗ੍ਰਾਂਟਾਂ ਦੇ ਚੈੱਕ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ, ਡਾਕਟਰ ਅਨਵਰ ਭਸੌੜ, ਜ਼ਿਲ੍ਹਾ ਪਰਿਸ਼ਦ ਮੈਂਬਰ ਰਛਪਾਲ ਸਿੰਘ ਭੁੱਲਰਹੇੜੀ, ਟਰੱਕ ਯੂਨੀਅਨ ਪ੍ਰਧਾਨ ਗਗਨਦੀਪ ਜਵੰਧਾ ਅਤੇ ‘ਆਪ’ ਆਗੂ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Share: