ਅਮਰੀਕਾ ਵੱਲੋਂ ਭਾਰਤ ਨੂੰ ਰੂਸੀ ਤੇਲ ਖ਼ਰੀਦਣ ਦੀ ਛੋਟ

ਅਮਰੀਕਾ ਵੱਲੋਂ ਭਾਰਤ ਨੂੰ ਰੂਸੀ ਤੇਲ ਖ਼ਰੀਦਣ ਦੀ ਛੋਟ

ਨਿਊਯਾਰਕ/ਵਾਸ਼ਿੰਗਟਨ: ਇਰਾਨ ਨਾਲ ਵਧਦੇ ਟਕਰਾਅ ਵਿਚਕਾਰ, ਅਮਰੀਕਾ ਨੇ ਕਿਹਾ ਹੈ ਕਿ ਰੂਸੀ ਤੇਲ ਖ਼ਰੀਦਣ ਲਈ ਭਾਰਤੀ ਰਿਫਾਇਨਰੀਆਂ ਨੂੰ ਆਰਜ਼ੀ ਤੌਰ ’ਤੇ 30 ਦਿਨਾਂ ਦੀ ਛੋਟ ਦਿੱਤੀ ਜਾ ਰਹੀ ਹੈ। ਅਮਰੀਕੀ ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੇ ‘ਐਨਰਜੀ ਏਜੰਡੇ’ ਦਾ ਸਿੱਟਾ ਹੈ ਕਿ ਤੇਲ ਤੇ ਗੈਸ ਉਤਪਾਦਨ ਆਪਣੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਚੁੱਕਾ ਹੈ। ਕੌਮਾਂਤਰੀ ਮੰਡੀ ਵਿਚ ਤੇਲ ਦੀ ਖ਼ਰੀਦੋ-ਫਰੋਖ਼ਤ ਲਈ, ਖਜ਼ਾਨਾ ਵਿਭਾਗ ਭਾਰਤੀ ਰਿਫਾਇਨਰੀਆਂ ਨੂੰ ਆਰਜ਼ੀ ਤੌਰ ’ਤੇ 30 ਦਿਨਾਂ ਦੀ ਛੋਟ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ‘‘ਸੋਚ-ਸਮਝ ਕੇ ਚੁੱਕਿਆ ਜਾ ਰਿਹਾ ਇਹ ਆਰਜ਼ੀ ਕਦਮ’’ ਰੂਸੀ ਸਰਕਾਰ ਨੂੰ ਕੋਈ ਵੱਡਾ ਵਿੱਤੀ ਲਾਭ ਨਹੀਂ ਪਹੁੰਚਾਏਗਾ, ਕਿਉਂਕਿ ਇਹ ਉਸੇ ਤੇਲ ਦੇ ਲੈਣ-ਦੇਣ ਦੀ ਇਜਾਜ਼ਤ ਦਿੰਦਾ ਹੈ ਜਿਹੜਾ ਪਹਿਲਾਂ ਹੀ ਸਮੁੰਦਰ ’ਚ ਰੁਕਿਆ ਪਿਆ ਹੈ। ਸਕੌਟ ਨੇ ਐਕਸ ’ਤੇ ਕਿਹਾ, ‘‘ਭਾਰਤ ਅਮਰੀਕਾ ਦਾ ਬਹੁਤ ਅਹਿਮ ਭਾਈਵਾਲ ਹੈ, ਤੇ ਅਸੀਂ ਪੂਰੀ ਆਸ ਕਰਦੇ ਹਾਂ ਕਿ ਨਵੀਂ ਦਿੱਲੀ ਅਮਰੀਕੀ ਤੇਲ ਦੀ ਖ਼ਰੀਦ ਵਧਾਏਗਾ। ਹਾਲ ਦੀ ਘੜੀ ਇਹ ਕਦਮ ਇਰਾਨ ਦੇ ਬਣਾਏ ਦਬਾਅ ਨੂੰ ਘਟਾਏਗਾ।’’ ਗ਼ੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉਤੇ 25 ਫ਼ੀਸਦ ਟੈਰਿਫ ਸਜ਼ਾ ਵਜੋਂ ਲਾ ਦਿੱਤਾ ਸੀ। ਅਮਰੀਕਾ ਦਾ ਖ਼ਿਆਲ ਸੀ ਕਿ ਇਸ ਨਾਲ ਯੂਕਰੇਨ ਜੰਗ ਵਿਚ ਰੂਸ ਨੂੰ ਮਦਦ ਮਿਲ ਰਹੀ ਹੈ। ਪਿਛਲੇ ਮਹੀਨੇ ਅਮਰੀਕਾ ਤੇ ਭਾਰਤ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਅੰਤ੍ਰਿਮ ਵਪਾਰ ਸੌਦੇ ਦੀ ਰੂਪ-ਰੇਖਾ ਬਣਾ ਲਈ ਹੈ। ਟਰੰਪ ਨੇ ਹੁਕਮ ਜਾਰੀ ਕਰ ਕੇ ਭਾਰਤ ਤੋਂ 25 ਪ੍ਰਤੀਸ਼ਤ ਟੈਰਿਫ ਹਟਾ ਲਿਆ ਸੀ ਤੇ ਕਿਹਾ ਸੀ ਕਿ ਨਵੀਂ ਦਿੱਲੀ ਨੇ ਮਾਸਕੋ ਤੋਂ ਤੇਲ ਦੀ ਖ਼ਰੀਦ ਬੰਦ ਕਰਨ ਦਾ ਵਾਅਦਾ ਕੀਤਾ ਹੈ।

‘ਕੋਈ ਹੋਰ ਮੁਲਕ ਭਾਰਤ ਦੀ ਤੇਲ ਖ਼ਰੀਦ ਦਾ ਫ਼ੈਸਲਾ ਨਹੀਂ ਕਰਦਾ’

ਨਵੀਂ ਦਿੱਲੀ: ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਰੂਸੀ ਤੇਲ ਖ਼ਰੀਦਣ ਲਈ ਭਾਰਤ ਕਦੇ ਵੀ ਕਿਸੇ ਦੀ ਇਜਾਜ਼ਤ ’ਤੇ ਨਿਰਭਰ ਨਹੀਂ ਰਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਸ ਨੂੰ ਖ਼ਰੀਦਣ ਲਈ ਰਿਫਾਇਨਰੀਆਂ ਨੂੰ ਅਮਰੀਕੀ ਪਾਬੰਦੀਆਂ ਤੋਂ ਮਿਲੀ ਛੋਟ ਟਕਰਾਅ ਨੂੰ ਖ਼ਤਮ ਕਰਦੀ ਹੈ, ਪਰ ਇਹ ਦੇਸ਼ ਦੀ ਨੀਤੀ ਨੂੰ ਨਿਰਧਾਰਿਤ ਨਹੀਂ ਕਰਦੀ। ਅਧਿਕਾਰੀ ਨੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਮਰੀਕਾ ਦੇ ਵਿਰੋਧ ਅਤੇ ਪਾਬੰਦੀਆਂ ਦੇ ਬਾਵਜੂਦ ਰੂਸੀ ਤੇਲ ਭਾਰਤ ਆਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਬਾਲਣ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਰਕਾਰ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ, ‘‘ਪਿਛਲੇ 12 ਸਾਲਾਂ ਵਿਚ ਕਿਸੇ ਪੰਪ ’ਤੇ ਤੇਲ ਨਹੀਂ ਮੁੱਕਿਆ। ਜਿਸ ਨੂੰ ਕੁਝ ਲੋਕ ਸੰਕਟ ਦੱਸ ਰਹੇ ਹਨ, ਉਹ ਅਸਲ ਵਿਚ ਤਿਆਰੀ ਦਾ ਸਬੂਤ ਹੈ।’’

Share: