ਗੈਸ ਬੁਕਿੰਗ ਲਈ ਅਫ਼ਰਾ-ਤਫ਼ਰੀ ਤੋਂ ਬਚਣ ਦੀ ਤਾਕੀਦ

ਗੈਸ ਬੁਕਿੰਗ ਲਈ ਅਫ਼ਰਾ-ਤਫ਼ਰੀ ਤੋਂ ਬਚਣ ਦੀ ਤਾਕੀਦ

ਨਵੀਂ ਦਿੱਲੀ: ਹਰਮੁਜ਼ ਜਲ ਮਾਰਗ ਬੰਦ ਹੋਣ ਕਰ ਕੇ ਆਲਮੀ ਊਰਜਾ ਵਿੱਚ ਪਏ ਅੜਿੱਕਿਆਂ ਦਰਮਿਆਨ ਸਰਕਾਰ ਨੇ ਅੱਜ ਯਕੀਨ ਦਿਵਾਇਆ ਕਿ ਘਰੇਲੂ ਐੱਲ ਪੀ ਜੀ, ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਸਥਿਰ ਹੈ। ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬੁਕਿੰਗ ਕਰਵਾਉਣ ਦੀ ਅਫ਼ਰਾ-ਤਫ਼ਰੀ ਤੋਂ ਬਚਣ ਤੇ ਈਂਧਨ ਬਚਾਉਣ।

ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ’ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਸਾਂਝੀ ਅੰਤਰ-ਮੰਤਰਾਲਾ ਕਾਨਫਰੰਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਫ਼ਰਾ-ਤਫ਼ਰੀ ਕਰਕੇ ਬੁਕਿੰਗਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਅਸੀਂ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੁਕਿੰਗ ਦੀ ਅਫ਼ਰਾ-ਤਫ਼ਰੀ ਤੋਂ ਬਚਣ। ਆਲਮੀ ਬੇਯਕੀਨੀ ਦੇ ਇਸ ਮਾਹੌਲ ’ਚ ਜਿੱਥੇ ਸੰਭਵ ਹੋਵੇ ਈਂਧਨ ਬਚਾਉਣ ਲਈ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ।’’ ਊਰਜਾ ਸਪਲਾਈ ਲਾਈਨਾਂ ’ਚ ਪਏ ਅੜਿੱਕੇ ਕਰਕੇ ਭਾਰਤ ਨੇ ਘਰੇਲੂ ਵਰਤੋਂ ਲਈ ਮਿੱਟੀ ਦਾ ਤੇਲ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਲਈ ਕੋਲਾ ਅਸਥਾਈ ਤੌਰ ’ਤੇ ਮੁੜ ਸ਼ੁਰੂ ਕੀਤਾ ਹੈ। ਭਾਰਤ ਨੇ ਰਾਜਾਂ ਨੂੰ ਇਕ ਲੱਖ ਕਿਲੋਲਿਟਰ ਦੇ ਨਿਯਮਤ ਕੋਟੇ ਤੋਂ ਇਲਾਵਾ 48,000 ਕਿਲੋਲਿਟਰ ਵਾਧੂ ਮਿੱਟੀ ਦਾ ਤੇਲ ਅਲਾਟ ਕੀਤਾ ਹੈ।

ਦੇਸ਼ ’ਚ ਈਂਧਨ ਦੀ ਕੋਈ ਕਿੱਲਤ ਨਹੀਂ: ਪੁਰੀ

ਨਵੀਂ ਦਿੱਲੀ: ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਦੇ ਬਾਵਜੂਦ ਦੇਸ਼ ਵਿੱਚ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਜਾਂ ਏਵੀਏਸ਼ਨ ਟਰਬਾਈਨ ਈਂਧਨ ਦੀ ਕੋਈ ਕਿੱਲਤ ਨਹੀਂ ਹੈ। ਸਰਕਾਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੇ ਝੂਠੇ ਬਿਰਤਾਂਤ ਨਾ ਫੈਲਾਏ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋੋਂ ਚੁੱਕੇ ਫ਼ਿਕਰਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਦੀ ਸਿਖਰਲੀ ਤਰਜੀਹ ਹੈ ਕਿ 33 ਕਰੋੜ ਤੋਂ ਵੱਧ ਪਰਿਵਾਰਾਂ, ਖਾਸ ਕਰਕੇ ਗਰੀਬਾਂ ਤੇ ਪੱਛੜੇ ਲੋਕਾਂ, ਨੂੰ ਰਸੋਈ ’ਚ ਗੈਸ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਘਰੇਲੂ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਡਿਲਿਵਰੀ ਸਾਈਕਲ ’ਚ ਵੀ ਕੋਈ ਫੇਰਬਦਲ ਨਹੀਂ ਕੀਤਾ ਗਿਆ। ਦੇਸ਼ ਭਰ ਦੇ ਪਰਚੂਨ ਆਊਟਲੈੱਟਾਂ ’ਚ ਲੋੜੀਂਦਾ ਸਟਾਕ ਮੌਜੂਦ ਹੈ ਤੇ ਸਪਲਾਈ ਚੇਨਾਂ ਵੀ ਆਮ ਵਾਂਗ ਕੰਮ ਕਰ ਰਹੀਆਂ ਹਨ। ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਦਰਮਿਆਨ ਪੁਰੀ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ’ਚ ਪਏ ਅੜਿੱਕੇ ਦੇ ਬਾਵਜੂਦ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗਰ ਕੂਟਨੀਤਕ ਪਹੁੰਚ ਕਰ ਕੇ ਪਹਿਲਾਂ ਨਾਲੋਂ ਵੱਧ ਕੱਚਾ ਤੇਲ ਹਾਸਲ ਕਰ ਰਿਹਾ ਹੈ।

Share: