ਚੰਡੀਗੜ੍ਹ: UPSC ਸਿਵਲ ਸੇਵਾ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ 301ਵੇਂ ਰੈਂਕ ਨੂੰ ਲੈ ਕੇ ਇੱਕ ਹੈਰਾਨੀਜਨਕ ਵਿਵਾਦ ਖੜ੍ਹਾ ਹੋ ਗਿਆ, ਇੱਕੋ ਰੋਲ ਨੰਬਰ (0856794) ‘ਤੇ ਦੋ ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਉਹ ਹੀ ਅਸਲੀ ‘ਆਕਾਂਕਸ਼ਾ ਸਿੰਘ’ ਹਨ। ਇਹਨਾਂ ਵਿੱਚੋਂ ਇੱਕ ਉਮੀਦਵਾਰ ਬਿਹਾਰ ਦੀ ਹੈ ਅਤੇ ਦੂਜੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੀ ਰਹਿਣ ਵਾਲੀ ਹੈ।
ਨਤੀਜੇ ਆਉਣ ਤੋਂ ਤੁਰੰਤ ਬਾਅਦ, ਬਿਹਾਰ ਦੇ ਆਰਾ ਦੀ ਰਹਿਣ ਵਾਲੀ ਆਕਾਂਕਸ਼ਾ ਸਿੰਘ (ਜੋ ਕਿ ਰਣਵੀਰ ਸੈਨਾ ਦੇ ਸੁਪਰੀਮੋ ਬ੍ਰਹਮੇਸ਼ਵਰ ਦੀ ਪੋਤੀ ਹੈ) ਦੇ ਘਰ ਜਸ਼ਨ ਸ਼ੁਰੂ ਹੋ ਗਏ। ਉਸ ਨੇ ਮੀਡੀਆ ਨੂੰ ਇੰਟਰਵਿਊ ਵੀ ਦਿੱਤੇ ਅਤੇ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ, ਜਿਸ ਕਾਰਨ ਉਸ ਨੂੰ ਚਾਰੇ ਪਾਸਿਓਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਪਰ ਵਿਵਾਦ ਉਦੋਂ ਵਧਿਆ ਜਦੋਂ ਗਾਜ਼ੀਪੁਰ (UP) ਦੀ ਡਾ. ਆਕਾਂਕਸ਼ਾ ਸਿੰਘ, ਜੋ ਵਰਤਮਾਨ ਵਿੱਚ AIIMS ਪਟਨਾ ਵਿੱਚ ਗਾਇਨੀਕੋਲੋਜਿਸਟ ਵਜੋਂ ਕੰਮ ਕਰ ਰਹੀ ਹੈ, ਨੇ ਵੀ ਇਸੇ ਰੈਂਕ ‘ਤੇ ਆਪਣਾ ਦਾਅਵਾ ਪੇਸ਼ ਕੀਤਾ। ਡਾ. ਆਕਾਂਕਸ਼ਾ ਨੇ ਸੋਸ਼ਲ ਮੀਡੀਆ ‘ਤੇ ਆਪਣਾ ਵੀਡੀਓ ਅਤੇ ਐਡਮਿਟ ਕਾਰਡ ਸਾਂਝਾ ਕਰਦਿਆਂ ਕਿਹਾ ਕਿ ਇਹ ਰੈਂਕ ਉਸਦੀ ਹੈ। ਜਦੋਂ ਦੋਵਾਂ ਦੇ ਐਡਮਿਟ ਕਾਰਡਾਂ ਦੀ ਜਾਂਚ ਕੀਤੀ ਗਈ ਤਾਂ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ। ਦੋਵਾਂ ਦੇ ਕਾਰਡਾਂ ‘ਤੇ ਰੋਲ ਨੰਬਰ 0856794 ਲਿਖਿਆ ਹੋਇਆ ਸੀ, ਪਰ ਜਦੋਂ ਬਾਰਕੋਡ ਸਕੈਨ ਕੀਤਾ ਗਿਆ ਤਾਂ ਗਾਜ਼ੀਪੁਰ ਵਾਲੀ ਆਕਾਂਕਸ਼ਾ ਦਾ ਰੋਲ ਨੰਬਰ ਸਹੀ ਪਾਇਆ ਗਿਆ, ਜਦਕਿ ਬਿਹਾਰ ਵਾਲੀ ਆਕਾਂਕਸ਼ਾ ਦੇ ਬਾਰਕੋਡ ਵਿੱਚ ਨੰਬਰ ਵੱਖਰਾ ਨਿਕਲਿਆ।
ਮਸਲੇ ਦਾ ਹੱਲ ਕਿਵੇਂ ਹੋਇਆ?
ਇਸ ਭੰਬਲਭੂਸੇ ਨੂੰ ਦੂਰ ਕਰਨ ਲਈ ਡਾ. ਆਕਾਂਕਸ਼ਾ ਸਿੰਘ ਨੇ ਆਪਣੇ ਦਸਤਾਵੇਜ਼ ਦੋਸਤਾਂ ਨੂੰ ਭੇਜੇ, ਜਿਨ੍ਹਾਂ ਨੇ UPSC ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਮਾਤਾ-ਪਿਤਾ ਅਤੇ ਪਿੰਡ ਦੇ ਨਾਮ ਦੇ ਆਧਾਰ ‘ਤੇ ਜਾਣਕਾਰੀ ਦੀ ਜਾਂਚ ਕੀਤੀ। ਸ਼ਨਿੱਚਰਵਾਰ ਦੁਪਹਿਰ ਲਗਪਗ 12 ਵਜੇ ਇਹ ਪੁਸ਼ਟੀ ਹੋ ਗਈ ਕਿ 301ਵੀਂ ਰੈਂਕ ਗਾਜ਼ੀਪੁਰ ਦੇ ਅਭਈਪੁਰ ਪਿੰਡ ਦੀ ਡਾ. ਆਕਾਂਕਸ਼ਾ ਸਿੰਘ ਦੀ ਹੀ ਹੈ। ਇਸ ਪੁਸ਼ਟੀ ਤੋਂ ਬਾਅਦ ਗਾਜ਼ੀਪੁਰ ਵਾਲੀ ਆਕਾਂਕਸ਼ਾ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਡਾ. ਆਕਾਂਕਸ਼ਾ ਨੇ ਆਪਣੀ ਡਾਕਟਰੀ ਦੀ ਨੌਕਰੀ ਦੇ ਨਾਲ-ਨਾਲ ਦੂਜੀ ਕੋਸ਼ਿਸ਼ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ।

