ਧਾਰੀਵਾਲ: ਇਥੇ ਸ਼ਹਿਰ ਦੀ ਕਲੋਨੀ ਵਿੱਚ ਅੱਜ ਆਵਾਰਾ ਕੁੱਤਿਆਂ ਨੇ ਮਾਪਿਆਂ ਦੇ ਇਕਲੌਤੇ ਢਾਈ ਸਾਲ ਦੇ ਬੱਚੇ ਨੂੰ ਨੋਚ -ਨੋਚ ਕੇ ਮਾਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਇਸਮਾਇਲ ਪੁੱਤਰ ਇੰਦਰਿਆਸ ਵਾਸੀ ਪਿੰਡ ਫੱਤੇਨੰਗਲ ਵਜੋਂ ਹੋਈ। ਉਹ ਧਾਰੀਵਾਲ ਸ਼ਹਿਰ ਵਿੱਚ ਬਟਾਲਾ ਰੋਡ ’ਤੇ ਪੈਂਦੇ ਸ਼ਾਹ ਪੈਟਰੋਲ ਪੰਪ ਸਾਹਮਣੇ ਕਲੋਨੀ ਵਿੱਚ ਘਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਕਲੋਨੀ ਵਾਸੀ ਹਰਮੀਤ ਸਿੰਘ ਉਰਫ ਲੱਕੀ ਸੱਭਰਵਾਲ ਨੇ ਦੱਸਿਆ ਉਨ੍ਹਾਂ ਦੇ ਮਕਾਨ ਵਿੱਚ ਇੰਦਰਿਆਸ ਆਪਣੀ ਪਤਨੀ ਮੋਨਿਕਾ ਸਣੇ ਰਹਿ ਰਿਹਾ ਹੈ, ਜੋ ਮਜ਼ਦੂਰੀ ਕਰਦੇ ਹਨ। ਅੱਜ ਇੰਦਰਿਆਸ ਮਜ਼ਦੂਰੀ ਲਈ ਘਰੋਂ ਬਾਹਰ ਗਿਆ ਸੀ। ਬਾਅਦ ਦੁਪਹਿਰ ਉਸ ਦੀ ਪਤਨੀ ਮੋਨਿਕਾ ਰਸੋਈ ਵਿੱਚ ਦੁੱਧ ਗਰਮ ਕਰ ਰਹੀ ਸੀ। ਇਸਮਾਈਲ ਵਿਹੜੇ ਵਿੱਚ ਗੇਟ ਕੋਲ ਖੇਡ ਰਿਹਾ ਸੀ। ਇਸ ਦੌਰਾਨ ਬਾਹਰੋਂ ਆਏ ਆਵਾਰਾ ਕੁੱਤੇ ਉਸ ਨੂੰ ਘਰੋਂ ਬਾਹਰ ਧੂਹ ਕੇ ਪਲਾਟ ਵਿੱਚ ਲੈ ਗਏ। ਮਹੱਲਾ ਵਾਸੀਆਂ ਨੂੰ ਇਸ ਸਬੰਧੀ ਪਤਾ ਲੱਗਣ ’ਤੇ ਇਸਮਾਇਲ ਨੂੰ ਜ਼ਖ਼ਮੀ ਹਾਲਤ ਵਿੱਚ ਕੁੱਤਿਆਂ ਕੋਲੋਂ ਛੁਡਵਾ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਬਹੁਤ ਗਰੀਬ ਹੈ, ਇਨ੍ਹਾਂ ਦੀ ਸਹਾਇਤਾ ਕੀਤੀ ਜਾਵੇ।
Posted inGurdaspur
ਆਵਾਰਾ ਕੁੱਤਿਆਂ ਦੇ ਹਮਲੇ ’ਚ ਢਾਈ ਸਾਲਾ ਬੱਚੇ ਦੀ ਮੌਤ

