ਚੰਡੀਗਡ਼੍ਹ: ਪੰਜਾਬ ਸਰਕਾਰ ਸੂਬੇ ਵਿੱਚ ਸਨਅਤੀ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ ਦੇ ਨਵੇਂ ਰਾਹ ਖੋਲ੍ਹਣ ਲਈ 13 ਤੋਂ 15 ਮਾਰਚ ਤੱਕ ਮੁਹਾਲੀ ਦੀ ਪਲਾਕਸ਼ਾ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਕਰਵਾਏਗੀ। ਸੰਮੇਲਨ ਵਿੱਚ ਭਾਰਤ ਸਣੇ ਵਿਸ਼ਵ ਭਰ ਤੋਂ ਵੱਡੀ ਗਿਣਤੀ ਨਿਵੇਸ਼ਕ ਤੇ ਉਦਯੋਗਪਤੀ ਸ਼ਾਮਲ ਹੋਣਗੇ। ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸਵੇਰੇ 10.30 ਵਜੇ ਉਦਘਾਟਨ ਕਰਨਗੇ।
ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਮੇਲਨ ’ਚ ਯੂ ਕੇ, ਜਪਾਨ ਤੇ ਦੱਖਣੀ ਕੋਰੀਆ ਦੇਸ਼ਾਂ ’ਤੇ ਕੇਂਦਰਿਤ 89 ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਇਕ ਸੈਸ਼ਨ ਐੱਮ ਐੱਸ ਐਮ ਈਜ਼ ’ਤੇ ਕੇਂਦਰਿਤ ਹੋਵੇਗਾ। ਸੰਮੇਲਨ ਦੌਰਾਨ ਉਦਯੋਗਿਕ ਪ੍ਰਦਰਸ਼ਨੀ ਵੀ ਲਾਈ ਜਾਵੇਗੀ, ਜਿੱਥੇ ਪੰਜਾਬ ਦੇ ਉਦਯੋਗਾਂ ਦੇ ਉਤਪਾਦਾਂ ਅਤੇ ਨਵੀਨਤਾਵਾਂ ਦੀ ਨੁਮਾਇਸ਼ ਕੀਤੀ ਜਾਵੇਗੀ। ਸ੍ਰੀ ਅਰੋੜਾ ਨੇ ਕਿਹਾ ਕਿ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਸ਼ਵ ਭਰ ਤੋਂ ਨੁਮਾਇੰਦੇ ਤੇ ਨਿਵੇਸ਼ਕ ਪਹੁੰਚ ਰਹੇ ਹਨ ਮੱਧ ਪੂਰਬ ਦੇ ਕੁਝ ਭਾਗੀਦਾਰ ਉਡਾਣ ਵਿੱਚ ਰੁਕਾਵਟਾਂ ਕਾਰਨ ਯਾਤਰਾ ਨਹੀਂ ਕਰ ਸਕੇ। ਇਸ ਦੇ ਬਾਵਜੂਦ ਸੰਮੇਲਨ ਵਿੱਚ ਸੱਦੇ ਗਏ ਬਹੁਤ ਕੌਮਾਂਤਰੀ ਨਿਵੇਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਦਯੋਗਿਕ ਦਿੱਗਜ ਭਵਿੱਖ ਵਿੱਚ ਨਿਵੇਸ਼ ਲਈ ਪੰਜਾਬ ਵੱਲੋਂ ਪੇਸ਼ ਕੀਤੀਆਂ ਗਈਆਂ ਵਿਆਪਕ ਸੰਭਾਵਨਾਵਾਂ ਬਾਰੇ ਗੱਲਬਾਤ ਕਰਨਗੇ। ਪੰਜਾਬ ਲਗਾਤਾਰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ‘ਆਪ’ ਦੇ ਰਾਜ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਭਾਰੀ ਨਿਵੇਸ਼ ਪੰਜਾਬ ਵਿੱਚ ਆਇਆ ਹੈ। ਉਨ੍ਹਾਂ ਆਸ ਜਤਾਈ ਕਿ ਇਸ ਸੰਮੇਲਨ ਦੌਰਾਨ ਵੀ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨਗੀਆਂ। ਇਸ ਮੌਕੇ ਸਕੱਤਰ ਉਦਯੋਗ ਅਤੇ ਵਣਜ ਗੁਰਕੀਰਤ ਕਿਰਪਾਲ ਸਿੰਘ, ਸੀ ਈ ਓ ਇਨਵੈਸਟ ਪੰਜਾਬ ਅਮਿਤ ਢਾਕਾ ਅਤੇ ਵਾਈਸ ਚੇਅਰਪਰਸਨ ਪੰਜਾਬ ਵਿਕਾਸ ਕਮਿਸ਼ਨ ਸੀਮਾ ਬਾਂਸਲ ਵੀ ਮੌਜੂਦ ਸਨ।

