ਟੈਨਿਸ: ਮੈਦਵੇਦੇਵ ਨੇ ਅਲਕਰਾਜ਼ ਨੂੰ ਸਾਲ ਦੀ ਪਹਿਲੀ ਮਾਤ ਦਿੱਤੀ

ਟੈਨਿਸ: ਮੈਦਵੇਦੇਵ ਨੇ ਅਲਕਰਾਜ਼ ਨੂੰ ਸਾਲ ਦੀ ਪਹਿਲੀ ਮਾਤ ਦਿੱਤੀ

ਇੰਡੀਅਨ ਵੈੱਲਜ਼ (ਅਮਰੀਕਾ): ਡੇਨੀਲ ਮੈਦਵੇਦੇਵ ਨੇ ਚੋਟੀ ਦੀ ਰੈਂਕਿੰਗ ਵਾਲੇ ਕਾਰਲੋਸ ਅਲਕਰਾਜ਼ ਨੂੰ ਇਸ ਸਾਲ ਦੀ ਪਹਿਲੀ ਹਾਰ ਦਾ ਸਵਾਦ ਚਖਾਇਆ ਅਤੇ 6-3, 7-6 (3) ਦੀ ਜਿੱਤ ਨਾਲ ਇੰਡੀਅਨ ਵੈੱਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ।

ਰੂਸ ਦੇ 11ਵਾਂ ਦਰਜਾ ਪ੍ਰਾਪਤ ਮੈਦਵੇਦੇਵ ਦਾ ਮੁਕਾਬਲਾ ਹੁਣ ਇਟਲੀ ਦੇ ਦੂਜਾ ਦਰਜਾ ਪ੍ਰਾਪਤ ਜੈਨਿਕ ਸਿਨਰ ਨਾਲ ਹੋਵੇਗਾ। ਸਿਨਰ ਨੇ ਅਲੈਗਜ਼ੈਂਡਰ ਜ਼ਵੇਰੇਵ ਨੂੰ 6-2, 6-4 ਨਾਲ ਹਰਾ ਕੇ ਫਾਈਨਲ ਵਿੱਚ ਦਾਖ਼ਲਾ ਪਾਇਆ। ਅਲਕਰਾਜ਼ ਨੇ ਇਸ ਸਾਲ ਲਗਾਤਾਰ 16 ਮੈਚ ਜਿੱਤੇ ਸਨ, ਜਿਨ੍ਹਾਂ ਵਿੱਚ ਆਸਟਰੇਲੀਅਨ ਓਪਨ ਅਤੇ ਕਤਰ ਓਪਨ ਦੇ ਖ਼ਿਤਾਬ ਵੀ ਸ਼ਾਮਲ ਸਨ ਪਰ ਮੈਦਵੇਦੇਵ ਨੇ ਅਲਕਾਰਜ਼ ਅਤੇ ਸਿਨਰ ਦੇ ਵਿਚਕਾਰ ਫਾਈਨਲ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ। ਮੈਦਵੇਦੇਵ ਅਲਕਰਾਜ਼ ਵਿਰੁੱਧ ਆਪਣੇ ਪਿਛਲੇ ਚਾਰ ਮੁਕਾਬਲੇ ਹਾਰ ਚੁੱਕਾ ਸੀ, ਜਿਸ ਵਿੱਚ 2024 ਦੇ ਇੰਡੀਅਨ ਵੈੱਲਜ਼ ਫਾਈਨਲ ਦੀ ਹਾਰ ਵੀ ਸ਼ਾਮਲ ਸੀ। 2023 ਦੇ ਯੂ ਐੱਸ ਓਪਨ ਸੈਮੀ ਫਾਈਨਲ ਤੋਂ ਬਾਅਦ ਅਲਕਰਾਜ਼ ’ਤੇ ਮੈਦਵੇਦੇਵ ਦੀ ਇਹ ਪਹਿਲੀ ਜਿੱਤ ਹੈ। ਦੂਜੇ ਪਾਸੇ, ਸਿਨਰ ਨੇ ਜ਼ਵੇਰੇਵ ਨੂੰ ਸਿਰਫ਼ ਇਕ ਘੰਟਾ 23 ਮਿੰਟਾਂ ਵਿੱਚ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੌਥਾ ਦਰਜਾ ਪ੍ਰਾਪਤ ਜ਼ਵੇਰੇਵ ਵਿਰੁੱਧ ਸਿਨਰ ਨੇ ਛੇ ਏਸ ਲਗਾਏ। ਹਾਲਾਂਕਿ, ਜ਼ਵੇਰੇਵ ਨੇ ਆਪਣੀ ਸਰਵਿਸ ’ਤੇ ਪਹਿਲੇ ਅੱਠ ਅੰਕ ਜਿੱਤੇ ਸਨ, ਪਰ ਸਿਨਰ ਨੇ ਪੰਜਵੇਂ ਅਤੇ ਸੱਤਵੇਂ ਗੇਮ ਵਿੱਚ ਜ਼ਵੇਰੇਵ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਆਪਣੇ ਨਾਮ ਕਰ ਲਿਆ। ਸਿਨਰ ਹੁਣ ਜ਼ਵੇਰੇਵ ਵਿਰੁੱਧ ਹੈੱਡ-ਟੂ-ਹੈੱਡ ਸੀਰੀਜ਼ ਵਿੱਚ 7-4 ਨਾਲ ਅੱਗੇ ਹੈ। ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਨਾ ਤਾਂ ਮੈਦਵੇਦੇਵ ਅਤੇ ਨਾ ਹੀ ਸਿਨਰ ਨੇ ਕੋਈ ਸੈੱਟ ਹਾਰਿਆ ਹੈ। ਸਿਨਰ ਨੇ ਮੈਦਵੇਦੇਵ ਵਿਰੁੱਧ ਆਪਣੇ ਪਿਛਲੇ ਤਿੰਨੋਂ ਮੈਚ ਜਿੱਤੇ ਹਨ, ਜਿਨ੍ਹਾਂ ਵਿੱਚ 2024 ਦੇ ਯੂ ਐੱਸ ਓਪਨ ਕੁਆਰਟਰ ਫਾਈਨਲ ਦੀ ਜਿੱਤ ਵੀ ਸ਼ਾਮਲ ਹੈ।

Share: