ਅਸਾਮ ਜਹਾਜ਼ ਹਾਦਸੇ ’ਚ ਭਾਰਤੀ ਹਵਾਈ ਫੌਜ ਦੇ ਦੋਵੇਂ ਪਾਇਲਟ ਸ਼ਹੀਦ

ਅਸਾਮ ਜਹਾਜ਼ ਹਾਦਸੇ ’ਚ ਭਾਰਤੀ ਹਵਾਈ ਫੌਜ ਦੇ ਦੋਵੇਂ ਪਾਇਲਟ ਸ਼ਹੀਦ

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਬਹੁਤ ਹੀ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋਏ ਸੁਖੋਈ-30 MKI ਲੜਾਕੂ ਜਹਾਜ਼ ਦੇ ਦੋਵੇਂ ਪਾਇਲਟ ਸ਼ਹੀਦ ਹੋ ਗਏ ਹਨ। ਸ਼ੁੱਕਰਵਾਰ ਸਵੇਰੇ ਹਵਾਈ ਫੌਜ ਵੱਲੋਂ ਜਾਰੀ ਬਿਆਨ ਅਨੁਸਾਰ, ਸਕੁਐਡਰਨ ਲੀਡਰ ਅਨੁਜ ਅਤੇ ਫਲਾਈਟ ਲੈਫਟੀਨੈਂਟ ਪੂਰਵੇਸ਼ ਦੁਰਾਗਕਰ ਇਸ ਹਾਦਸੇ ਵਿੱਚ ਜਾਨਲੇਵਾ ਸੱਟਾਂ ਕਾਰਨ ਦਮ ਤੋੜ ਗਏ। ਇਹ ਜਹਾਜ਼ ਜੋਰਹਾਟ ਤੋਂ ਲਗਭਗ 60 ਕਿਲੋਮੀਟਰ ਦੂਰ ਚੋਕੀਹੋਲਾ ਨੇੜੇ ਹਾਦਸਾਗ੍ਰਸਤ ਹੋਇਆ ਸੀ।

ਜ਼ਿਕਰਯੋਗ ਹੈ ਕਿ ਇਹ ਜਹਾਜ਼ ਵੀਰਵਾਰ ਸ਼ਾਮ ਨੂੰ ਜੋਰਹਾਟ ਤੋਂ ਉਡਾਣ ਭਰਨ ਤੋਂ ਬਾਅਦ ਰਾਤ 7:42 ਵਜੇ ਰਡਾਰ ਤੋਂ ਲਾਪਤਾ ਹੋ ਗਿਆ ਸੀ। ਹਵਾਈ ਫੌਜ ਨੇ ਤੁਰੰਤ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸ਼ੁੱਕਰਵਾਰ ਤੜਕੇ ਲਗਭਗ 1 ਵਜੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ। ਹਵਾਈ ਫੌਜ ਦੇ ਅਧਿਕਾਰੀ ਹੁਣ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ। ਦੇਸ਼ ਭਰ ਵਿੱਚ ਇਨ੍ਹਾਂ ਬਹਾਦਰ ਪਾਇਲਟਾਂ ਦੀ ਸ਼ਹਾਦਤ ’ਤੇ ਸੋਗ ਦੀ ਲਹਿਰ ਹੈ।

Share: