ਬਰਮਿੰਘਮ: ਓਲੰਪਿਕ ਤਗ਼ਮਾ ਜੇਤੂ ਭਾਰਤੀ ਸ਼ਟਲਰ ਪੀ ਵੀ ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਸਕਦੀ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀ ਬੰਬਾਰੀ ਅਤੇ ਤਹਿਰਾਨ ਦੇ ਜਵਾਬੀ ਹਮਲੇ ਦੇ ਸਿੱਟੇ ਵਜੋਂ ਖਾੜੀ ਖਿੱਤੇ ’ਚ ਹਵਾਈ ਖੇਤਰ ਬੰਦ ਕੀਤੇ ਜਾਣ ਕਰਕੇ ਸਿੰਧੂ ਇਸ ਵੇਲੇ ਦੁਬਈ ਵਿੱਚ ਅਟਕੀ ਹੋਈ ਹੈ। ਸਿੰਧੂ ਤੇ ਉਸ ਦੀ ਟੀਮ, ਜਿਸ ਵਿੱਚ ਇੰਡੋਨੇਸ਼ਿਆਈ ਕੋਚ ਇਰਵਾਨਸਿਆਹ ਆਦੀ ਪ੍ਰਤਾਮਾ ਵੀ ਸ਼ਾਮਲ ਹੈ, ਆਪਣੀ ਠਹਿਰ ਵਾਲੀ ਥਾਂ ਨੇੜੇ ਹੋਏ ਧਮਾਕੇ ’ਚ ਵਾਲ ਵਾਲ ਬਚ ਗਏ। ਖਾੜੀ ਵਿੱਚ ਤਣਾਅ ਵਧਣ ਮਗਰੋਂ ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਤਬਦੀਲ ਕਰ ਦਿੱਤਾ ਗਿਆ ਹੈ।
ਭਾਰਤੀ ਸ਼ਟਲਰ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਥਾਈਲੈਂਡ ਦੀ ਸੁਪਾਨੀਦਾ ਕੇਤਥੌਂਗ ਨਾਲ ਖੇਡਣਾ ਸੀ, ਪਰ ਦੁਬਈ ਹਵਾਈ ਅੱਡਾ ਤੇ ਹਵਾਈ ਖੇਤਰ ਲਗਾਤਾਰ ਬੰਦ ਰਹਿਣ ਕਰਕੇ ਸਿੰਧੂ ਨੂੰ ਟੂਰਨਾਮੈਂਟ ’ਚੋਂ ਬਾਹਰ ਬੈਠਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਚੈਂਪੀਅਨਸ਼ਿਪ ’ਚ ਸਿੰਧੂ ਦੀ ਸ਼ਮੂਲੀਅਤ ਬਾਰੇ ਬੇਯਕੀਨੀ ਬਰਕਰਾਰ ਹੈ, ਪਰ ਉਸ ਦੇ ਸਾਥੀ ਸ਼ਟਲਰ ਸਿੰਗਾਪੁਰ ਤੇ ਅਫਰੀਕਾ ਦੇ ਬਦਲਵੇਂ ਰੂਟ ਲੈ ਕੇ ਬਰਮਿੰਘਮ ਪਹੁੰਚਣ ਵਿੱਚ ਸਫਲ ਰਹੇ ਹਨ। ਪੁਰਸ਼ ਵਰਗ ’ਚ ਸਿੰਗਲਜ਼ ਖਿਤਾਬ ਦੇ ਦਾਅਵੇਦਾਰ ਲਕਸ਼ੈ ਸੈਨ ਤੇ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਬਿਨਾਂ ਕਿਸੇ ਦਿੱਕਤ ਦੇ ਆਪਣੇ ਟਿਕਾਣੇ ’ਤੇ ਪਹੁੰਚ ਗਏ ਹਨ। ਲਕਸ਼ੈ ਚੀਨ ਦੇ ਨੰਬਰ 1 ਖਿਡਾਰੀ ਸ਼ੀ ਯੂ ਕੀ ਖਿਲਾਫ਼ ਆਪਣਾ ਸ਼ੁਰੂਆਤੀ ਮੁਕਾਬਲਾ ਖੇਡੇਗਾ।

